ਖੇਤ ਦੀ ਸਾਂਝੀ ਵੱਟ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਪਿਉ-ਪੁੱਤ ‘ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
ਰਾਮਾਂ ਮੰਡੀ, 18 ਨਵੰਬਰ (ਤਰਸੇਮ ਸਿੰਗਲਾ)- ਪਿੰਡ ਸ਼ੇਰਗੜ੍ਹ ਵਿਖੇ ਖੇਤ ਦੀ ਸਾਂਝੀ ਵੱਟ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖ਼ੂਨੀ ਰੂਪ ਧਾਰ ਲਿਆ, ਜਦੋਂ ਇਕ ਪਰਿਵਾਰ ਦੇ ਛੇ ਵਿਅਕਤੀਆਂ ਵਲੋਂ ਖੇਤ ਵਿਚ ਗਏ ਪਿਉ-ਪੁੱਤ ‘ਤੇ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾਵਰਾਂ ਵਲੋਂ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ਗਈ।
ਰਾਮਾਂ ਮੰਡੀ, 18 ਨਵੰਬਰ (ਤਰਸੇਮ ਸਿੰਗਲਾ)- ਪਿੰਡ ਸ਼ੇਰਗੜ੍ਹ ਵਿਖੇ ਖੇਤ ਦੀ ਸਾਂਝੀ ਵੱਟ ਨੂੰ ਲੈ ਕੇ ਹੋਏ ਵਿਵਾਦ ਨੇ ਉਸ ਸਮੇਂ ਖ਼ੂਨੀ ਰੂਪ ਧਾਰ ਲਿਆ, ਜਦੋਂ ਇਕ ਪਰਿਵਾਰ ਦੇ ਛੇ ਵਿਅਕਤੀਆਂ ਵਲੋਂ ਖੇਤ ਵਿਚ ਗਏ ਪਿਉ-ਪੁੱਤ ‘ਤੇ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾਵਰਾਂ ਵਲੋਂ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ਗਈ। ਰਾਮਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿੱਠੂ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ੇਰਗੜ੍ਹ ਨੇ ਦੱਸਿਆ ਕਿ ਉਸ ਦੇ ਤਾਏ ਦੇ ਪੁੱਤਰ ਜੱਗਾ ਸਿੰਘ, ਦਰਸ਼ਨ ਸਿੰਘ ਅਤੇ ਕਾਕਾ ਸਿੰਘ ਦੀ ਜ਼ਮੀਨ ਉਸ ਦੀ ਜ਼ਮੀਨ ਨਾਲ ਲੱਗਦੀ ਹੈ। ਦੋਵਾਂ ਧਿਰਾਂ ਵੱਲੋਂ ਆਪਣੇ-ਆਪਣੇ ਖੇਤਾਂ ਵਿਚ ਕਣਕ ਦੀ ਬਿਜਾਈ ਕੀਤੀ ਹੋਈ ਹੈ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਆਪਣੇ ਖੇਤ ਵੱਲੋਂ ਸਾਂਝੀ ਵੱਟ ‘ਤੇ ਜਿੰਦਰਾ ਲਗਾ ਕੇ ਕਾਫ਼ੀ ਮਿੱਟੀ ਉਸ ਦੇ ਖੇਤ ਵਿਚ ਸੁੱਟ ਦਿੱਤੀ ਅਤੇ ਵੱਟ ਨੂੰ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਉਲਾਂਭਾ ਦੇਣ ਤੋਂ ਬਾਅਦ 16 ਨਵੰਬਰ ਨੂੰ ਉਹ ਆਪਣੇ ਵੱਡੇ ਪੁੱਤਰ ਜਸਪਾਲ ਸਿੰਘ ਨਾਲ ਮੋਟਰਸਾਈਕਲ ‘ਤੇ ਖੇਤ ਗਏ ਸਨ। ਮਿੱਠੂ ਸਿੰਘ ਅਨੁਸਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਜੱਗਾ ਸਿੰਘ , ਕਾਕਾ ਸਿੰਘ, ਦਰਸ਼ਨ ਸਿੰਘ , ਸਤਨਾਮ ਸਿੰਘ, ਸੁਖਬੀਰ ਸਿੰਘ ਕਿਰਪਾਨਾਂ ਅਤੇ ਗੁਰਪ੍ਰੀਤ ਸਿੰਘ ਉੱਥੇ ਪਹੁੰਚੇ ਅਤੇ ਦੋਵਾਂ ਪਿਓ-ਪੁੱਤਾਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰੌਲਾ ਪਾਉਣ ‘ਤੇ ਹਮਲਾਵਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜਾਂਦੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕਰ ਗਏ। । ਪੁਲਿਸ ਵੱਲੋਂ ਪ੍ਰਾਪਤ ਮੈਡੀਕਲ ਰਿਪੋਰਟਾਂ ਅਤੇ ਬਿਆਨਾਂ ਦੇ ਆਧਾਰ ‘ਤੇ ਜੱਗਾ ਸਿੰਘ, ਦਰਸ਼ਨ ਸਿੰਘ , ਕਾਕਾ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਅਤੇ ਸੁਖਬੀਰ ਸਿੰਘ ਵਾਸੀਆਨ ਸ਼ੇਰਗੜ੍ਹ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 118(1), 115(2), 351(2), 351(3), 324(4), 191(3) ਅਤੇ 190 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏ. ਐੱਸ. ਆਈ. ਕੁਲਵਿੰਦਰ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।