ਮਹਿਰਾਜ, 18 ਫਰਵਰੀ (ਸੁਖਪਾਲ ਮਹਿਰਾਜ)-ਦੀ ਮਹਿਰਾਜ ਪੱਤੀ ਸੋਲ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ 10 ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈ | ਇਹ ਚੋਣ ਰਿਟਾਰਨਿੰਗ ਕਮ ਪ੍ਰਜ਼ਾਈਡਿੰਗ ਅਫ਼ਸਰ ਹਿਤੇਸ਼ ਗੋਇਲ ਅਤੇ ਸਹਾਇਕ ਪਵਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ | ਹਲਕਾ ਵਿਧਾਇਕ ਦੇ ਪੀ ਏ ਸੁੱਖੀ ਮੱਲੂਆਣਾ ਨੇ ਦੱਸਿਆ ਕਿ ਚੋਣ ਪੂਰੀ ਤਰ੍ਹਾਂ ਸਰਬਸੰਮਤੀ ਨਾਲ ਹੋਈ ਹੈ ਅਤੇ ਕਿਸੇ ਵੀ ਪਾਰਟੀ ਵਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਵਿਧਾਇਕ ਬਲਕਾਰ ਸਿੰਘ ਸਿੱਧੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਵਿਚ ਵਿਕਾਸ ਕਾਰਜ ਕਰਵਾ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਨ | ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵਿਚ ਬੂਟਾ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਸੁਖਚੈਨ ਸਿੰਘ, ਬਲਵੀਰ ਸਿੰਘ, ਸੁਖਜੀਤ ਕੌਰ ਅਤੇ ਜਸਵਿੰਦਰ ਕੌਰ ਸ਼ਾਮਲ ਹਨ | ਇਸ ਮੌਕੇ ਉਨ੍ਹਾਂ ਨੇ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੇਵਾ ਭਾਵਨਾ ਨਾਲ ਕੰਮ ਕਰਦਿਆਂ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਸਭਾ ਦੀ ਤਰੱਕੀ ਲਈ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਣ | ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਪਿੰਡਾਂ ਦੀ ਆਰਥਿਕ ਮਜ਼ਬੂਤੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਚੁਣੇ ਹੋਏ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਸਭਾ ਦੇ ਵਿਕਾਸ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨਗੇ | ਇਸ ਮੌਕੇ ਸਭਾ ਸਕੱਤਰ ਲਖਵੀਰ ਸਿੰਘ, ਚੇਅਰਮੈਨ ਡਾ: ਜਗਸੀਰ ਸਿੰਘ ਵੈਦ, ਅੰਮ ਸੀ ਯੋਧਾ ਮਹਿਰਾਜ, ਲੱਖਾ ਮਹਿਰਾਜ, ਐਮ ਸੀ ਪਰਮਜੀਤ ਸਿੰਘ, ਸਾਬਕਾ ਐਮ ਸੀ ਲੱਖਾ ਸਿੰਘ ਆਦਿ ਹਾਜ਼ਰ ਸਨ |