ਬਠਿੰਡਾ, 28 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਸੂਬੇ ਦੀ ਈ.ਟੀ.ਟੀ. 6635 ਅਧਿਆਪਕ ਯੂਨੀਅਨ ਨੇ ਤਨਖ਼ਾਹਾਂ ਤੈਅ ਕਰਵਾਉਣ ਲਈ 5 ਮਾਰਚ ਨੂੰ ਪੰਜਾਬ ਦੇ ਡੀ.ਪੀ.ਆਈ. ਦਫਤਰ ਨੂੰ ਘੇਰਨ ਦਾ ਐਲਾਨ ਕੀਤਾ ਹੈ | ਈ.ਟੀ.ਟੀ. 6635 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਕੁਲਦੀਪ ਖੋਖਰ, ਸ਼ਲਿੰਦਰ ਕੰਬੋਜ ਤੇ ਨਿਰਮਲ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਨਖ਼ਾਹਾਂ 'ਚ ਬੇਇੰਤਾਹ ਕਟੌਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦਾ ਆਰਥਿਕ ਤਾਣਾ-ਬਾਣਾ ਹਿੱਲ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਬਲਾਕ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਇਲਾਵਾ ਉਹ ਕਈ ਵਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ (ਐਲੀਮੈਂਟਰੀ) ਦਾ ਦਰਵਾਜਾ ਖੜਕਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਸੀ ਪਰ ਪਿਛਲੇ ਇਕ ਮਹੀਨੇ ਤੋਂ ਵਿਭਾਗ ਵਲੋਂ ਹਾਈਕੋਰਟ ਦੇ ਹੁਕਮਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ | ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਨਖ਼ਾਹਾਂ 3 ਮਾਰਚ ਤੱਕ ਤੈਅ ਨਹੀਂ ਕੀਤੀਆਂ ਜਾਂਦੀਆਂ ਤਾਂ ਉਹ 5 ਮਾਰਚ ਨੂੰ ਡੀ.ਪੀ.ਆਈ. ਦਾ ਦਫਤਰ ਘੇਰਨਗੇ | ਇਸ ਮੌਕੇ ਰਵਿੰਦਰ ਕੰਬੋਜ, ਰਾਜ ਸੁਖਵਿੰਦਰ ਸਿੰਘ, ਜੱਗਾ ਬੋਹਾ, ਮਨਦੀਪ ਬਟਾਲਾ, ਬੂਟਾ ਮਾਨਸਾ, ਦੇਸ ਰਾਜ, ਸੁਮਿਤ ਕੰਬੋਜ, ਦਾਨਿਸ਼ ਭੱਟੀ ਅਤੇ ਦੀਪ ਬਨਾਰਸੀ ਆਦਿ ਮੌਜੂਦ ਸਨ |