ਬਠਿੰਡਾ, 28 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ 'ਚ ਦਿਨ-ਦਿਹਾੜੇ ਗੁਰੂ ਗੋਬਿੰਦ ਸਿੰਘ ਨਗਰ ਵਿਚ ਮੋਟਰ-ਸਾਈਕਲ ਸਵਾਰ ਦੋ ਲੁਟੇਰਿਆਂ ਵਲੋਂ ਇਕ ਔਰਤ ਤੋਂ ਮੋਬਾਇਲ ਝਪਟਣ ਅਤੇ ਦੂਜੀ ਘਟਨਾ ਕਿੱਕਰ ਬਾਜ਼ਾਰ 'ਚ ਲੰਗਰ ਦੀ ਸੇਵਾ ਕਰ ਰਹੇ ਵਿਅਕਤੀ ਦਾ ਇਕ ਛੋਟੀ ਉਮਰ ਦੇ ਨੌਜਵਾਨ ਵਲੋਂ ਪਰਸ ਕੱਢ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੋਵੇਂ ਵਾਰਦਾਤਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀਆਂ ਹਨ | ਪਰ ਪੁਲਿਸ ਦੇ ਹੱਥ ਖਾਲੀ ਜਾਪਦੇ ਨਜ਼ਰ ਆ ਰਹੇ ਹਨ | ਦੱਸਣਾ ਬਣਦਾ ਹੈ, ਕਿ ਬਠਿੰਡਾ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੇ ਲਈ ਪੁਲਿਸ ਵਲੋਂ ਲਗਾਤਾਰ ਗਸ਼ਤ ਵਧਾਉਣ ਅਤੇ ਨਾਕਾਬੰਦੀ ਕਰਕੇ ਸ਼ੱਕੀਆਂ ਦੀ ਜਾਂਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਇਸ ਦੇ ਬਾਵਜੂਦ ਸ਼ਰੇ੍ਹਆਮ ਲੁੱਟਾਂ-ਖੋਹਾਂ ਅਤੇ ਜੇਬ-ਕਤਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਹਨ | ਪਿਛਲੇ 24 ਘੰਟਿਆਂ 'ਚ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ 'ਚ ਕਈ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ | ਜਿਸ ਕਾਰਨ ਸ਼ਹਿਰ ਦੇ ਲੋਕਾ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਅਜਿਹੀ ਹੀ ਪਹਿਲੀ ਵਾਰਦਾਤ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ 5-10 'ਚ ਦੇਖਣ ਨੂੰ ਮਿਲੀ ਜਿੱਥੇ ਇਕ ਰੀਨਾ ਨਾਮ ਦੀ ਔਰਤ ਨੇ ਦੱਸਿਆ ਕਿ ਉਹ ਘਰਾਂ 'ਚ ਸਾਫ਼ ਸਫ਼ਾਈ ਦਾ ਕੰਮ ਕਰਦੀ ਹੈ | ਉਹ ਮੋਬਾਇਲ 'ਤੇ ਗੱਲ ਕਰਦੀ ਹੋਈ ਪੈਦਲ ਕੰਮ 'ਤੇ ਜਾ ਰਹੀ ਸੀ ਤਾਂ ਉਸੇ ਸਮੇਂ ਦੋ ਮੋਟਰ-ਸਾਈਕਲ ਸਵਾਰ ਨੌਜਵਾਨਾਂ ਉਸ ਕੋਲ ਆਏ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥੋ ਮੋਬਾਇਲ ਫੋਨ ਝਪਟਣ ਦੀ ਕੋਸ਼ਿਸ਼ ਕੀਤੀ ਗਈ ਤੇ ਮੋਬਾਇਲ ਹੇਠਾਂ ਗਿਰ ਗਿਆ | ਦੋਵੇਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਇਹ ਘਟਨਾ ਗਲੀ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ |ਇਸੇ ਤਰ੍ਹਾਂ ਦੂਜੀ ਵਾਰਦਾਤ ਲੰਗਰ ਸੇਵਾ ਕਰ ਰਹੇ ਇਕ ਵਿਅਕਤੀ ਦਾ ਕਿੱਕਰ ਬਾਜ਼ਾਰ 'ਚ ਛੋਟੀ ਉਮਰ ਦੇ ਨੌਜਵਾਨ ਵਲੋਂ ਪਰਸ ਚੋਰੀ ਕੀਤਾ ਗਿਆ ਹੈ | ਇਸ ਵਾਰਦਾਤ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ | ਸ਼ਹਿਰ 'ਚ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਪੁਲਿਸ ਦੀ ਢਿੱਲੀ ਕਾਰਵਾਈ ਉਪਰ ਉਗਲਾਂ ਉਠਣ ਲੱਗੀਆਂ ਹਨ |