ਬਠਿੰਡਾ, 28 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਾਲਵਾ ਕਾਲਜ, ਬਠਿੰਡਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਦਰਬਾਰ ਸਾਹਿਬ ਸ੍ਰੀ ਲੱਖੀ ਜੰਗਲ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਇਕ ਦਿਨਾਂ ਧਾਰਮਿਕ ਦੌਰਾ ਕਰਵਾਇਆ ਗਿਆ | ਬੀ.ਸੀ.ਏ., ਐਮ.ਸੀ.ਏ., ਐਮ.ਐਸਸੀ. (ਆਈ.ਟੀ.) ਅਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਨੇ ਇਸ ਆਧਿਆਤਮਿਕ ਯਾਤਰਾ ਦੌਰਾਨ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਵਿਚ ਮੱਥਾ ਟੇਕਿਆ | ਦੌਰੇ ਦੌਰਾਨ ਵਿਦਿਆਰਥੀਆਂ ਨੇ ਅਰਦਾਸ ਕੀਤੀ, ਗੁਰਬਾਣੀ ਕੀਰਤਨ ਸੁਣਿਆ ਅਤੇ ਇਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਵਿਦਿਆਰਥੀਆਂ ਨੇ ਇਸ ਮੌਕੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਗੁਰਦੁਆਰਾ ਸ੍ਰੀ ਤੰਬੂ ਸਾਹਿਬ ਅਤੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਦੇ ਵੀ ਦਰਸ਼ਨ ਕੀਤੇ | ਲੱਖੀ ਜੰਗਲ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਅਤੇ ਉਪਦੇਸ਼ ਦਿੱਤੇ | ਵਿਦਿਆਰਥੀਆਂ ਨੇ ਲੰਗਰ ਸੇਵਾ ਵਿੱਚ ਭਾਗ ਲਿਆ | ਇਹ ਦੌਰਾ ਵਿਦਿਆਰਥੀਆਂ ਲਈ ਆਧਿਆਤਮਿਕ ਅਤੇ ਸਿੱਖਿਆਤਮਕ ਰੂਪ ਵਿਚ ਬਹੁਤ ਲਾਭਦਾਇਕ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਏਕਤਾ ਅਤੇ ਅਨੁਸ਼ਾਸਨ ਦੀ ਭਾਵਨਾ ਮਜ਼ਬੂਤ ਹੋਈ | ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਡਾ. ਸਰਬਜੀਤ ਕੌਰ ਢਿੱਲੋਂ (ਡਿਪਟੀ ਡਾਇਰੈਕਟਰ) ਨੂੰ ਇਸ ਧਾਰਮਿਕ ਅਤੇ ਇਤਿਹਾਸਕ ਦੌਰੇ ਦੀ ਪਹਿਲ ਕਰਨ ਲਈ ਵਧਾਈ ਦਿੱਤੀ | ਡਾ. ਸਰਬਜੀਤ ਕੌਰ ਢਿੱਲੋਂ ਨੇ ਕਿਹਾ ਕਿ ਵਿਦਿਆਰਥੀਆਂ ਨੇ ਦੌਰੇ ਦਾ ਪੂਰਾ ਆਨੰਦ ਲਿਆ | ਇਸ ਮੌਕੇ 'ਤੇ ਸਹਾਇਕ ਪ੍ਰੋਫੈਸਰ ਰਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਗਗਨਦੀਪ ਕੌਰ, ਸਹਾਇਕ ਪ੍ਰੋਫੈਸਰ ਅਮਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਦੌਰੇ ਵਿਚ ਸ਼ਿਰਕਤ ਕੀਤੀ |