ਬਾਲਿਆਂਵਾਲੀ, 29 ਮਾਰਚ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ 'ਚ ਰੱਖੇ ਗਏ ਨਾਜਾਇਜ਼ ਖੋਖਿਆਂ ਨੂੰ ਗ੍ਰਾਮ ਪੰਚਾਇਤ ਬਾਲਿਆਂਵਾਲੀ ਵਲੋਂ ਜੇ.ਸੀ.ਬੀ ਮਸ਼ੀਨ ਨਾਲ ਢਾਹਿਆ ਗਿਆ | ਇਸ ਮੌਕੇ ਸਰਪੰਚ ਸੁਖਪਾਲ ਕੌਰ ਤੇ ਉਨ੍ਹਾਂ ਦੇ ਪਤੀ ਬਲਰਾਜ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਪੰਚਾਇਤੀ ਜ਼ਮੀਨਾਂ ਅਤੇ ਸ਼ਾਮਲਾਤ ਜਗ੍ਹਾ 'ਤੇ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ, ਜਦਕਿ ਸਾਡੇ ਪਿੰਡ ਕੁੱਝ ਥਾਵਾਂ 'ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਸੰਘਣੇ ਬਾਜ਼ਾਰ 'ਚ ਖੋਖੇ ਰੱਖਣ ਕਰਕੇ ਟਰੈਫ਼ਿਕ ਸਮੱਸਿਆ ਜ਼ਿਆਦਾ ਆਉਣ ਲੱਗ ਗਈ ਸੀ | ਪੰਜਾਬ ਸਰਕਾਰ ਵਲੋਂ ਵੀ ਪੰਚਾਇਤਾਂ ਨੂੰ ਹਦਾਇਤਾਂ ਸਨ ਕਿ ਸ਼ਾਮਲਾਤ ਅਤੇ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ ਜਾਣ | ਇਸੇ ਮੁਹਿੰਮ ਤਹਿਤ ਬਾਲਿਆਂਵਾਲੀ ਵਿਖੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਗ੍ਰਾਮ ਪੰਚਾਇਤ ਬਾਲਿਆਂਵਾਲੀ ਵਲੋਂ ਸਾਰੇ ਵਿਅਕਤੀਆਂ ਨੂੰ ਪਹਿਲਾਂ ਨੋਟਿਸ ਜਾਰੀ ਕਰਕੇ ਸਮਾਂ ਦਿੱਤਾ ਗਿਆ, ਪ੍ਰੰਤੂ ਕਬਜ਼ੇ ਧਾਰਕਾਂ ਨੇ ਪੰਚਾਇਤ ਦੇ ਨੋਟਿਸ 'ਤੇ ਕੋਈ ਅਮਲ ਨਹੀਂ ਕੀਤਾ, ਬਲਕਿ ਪੰਚਾਇਤ ਨਾਲ ਟਕਰਾਅ ਵਾਲਾ ਮਾਹੌਲ ਸਿਰਜਣ ਦੀ ਕੋਸ਼ਿਸ਼ ਵੀ ਕੀਤੀ | ਇਸ ਲਈ ਅੱਜ ਪਿੰਡ ਦੀ ਸਰਬ-ਸਾਂਝੀ ਮੀਟਿੰਗ ਰਾਮ ਲੀਲ੍ਹਾ ਗਰਾਊਾਡ 'ਚ ਕੀਤੀ ਗਈ | ਜਿਸ 'ਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਪੰਚਾਇਤ ਦੇ ਹੱਕ 'ਚ ਸ਼ਮੂਲੀਅਤ ਕੀਤੀ | ਇਸ ਮੀਟਿੰਗ 'ਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪੰਚਾਇਤ ਨੇ ਸਖ਼ਤ ਫ਼ੈਸਲਾ ਕੀਤਾ ਕਿ ਖੋਖੇ ਚੁੱਕਣ ਦੇ ਸਮੇਂ ਦੀ ਮਿਆਦ ਮੁੱਕ ਗਈ ਹੈ | ਇਸ ਕਰਕੇ ਅੱਜ ਉਕਤ ਨਾਜਾਇਜ਼ ਖੋਖਿਆਂ 'ਤੇ ਪੀਲਾ ਪੰਜਾ ਫੇਰਿਆ, ਕਿਉਂਕਿ ਪੰਚਾਇਤ ਵਲੋਂ ਵੱਖ-ਵੱਖ ਸਮਿਆਂ ਦੌਰਾਨ ਤਿੰਨ ਨੋਟਿਸ ਦਿੱਤੇ ਜਾ ਚੁੱਕੇ ਸਨ, ਜਦਕਿ ਕਬਜ਼ਾਧਾਰਕਾ ਨੇ ਖ਼ੁਦ ਲਿਖਕੇ ਵੀ ਦਿੱਤਾ ਸੀ ਕਿ ਅਸੀਂ ਕੁੱਝ ਦਿਨਾਂ ਤੱਕ ਕਬਜ਼ੇ ਛੱਡ ਦੇਵਾਂਗੇ, ਪ੍ਰੰਤੂ ਹਾਲੇ ਤੱਕ ਕਬਜ਼ੇ ਛੱਡੇ ਨਹੀਂ ਸਨ | ਇਸ ਲਈ ਕਬਜ਼ੇ ਛੁਡਵਾਏ ਗਏ ਹਨ | ਇਸ ਮੌਕੇ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਨਾਅਰੇਬਾਜ਼ੀ ਵੀ ਕੀਤੀ | ਕਬਜ਼ੇ ਛੁਡਾਉਣ ਉਪਰੰਤ ਰਾਮ ਲੀਲ੍ਹਾ ਗਰਾਊਾਡ 'ਚ ਪੰਚਾਇਤ ਅਤੇ ਕਿਸਾਨਾਂ ਵਲੋਂ ਲੱਡੂ ਵੰਡੇ ਗਏ ਅਤੇ ਜੇਤੂ ਨਾਅਰੇਬਾਜ਼ੀ ਕੀਤੀ ਗਈ | ਇਸ ਸੰਬੰਧੀ ਸਾਬਕਾ ਸਰਪੰਚ ਰਾਜ ਕੁਮਾਰ ਰਾਜ਼ੀ ਨੇ ਕਿਹਾ ਕਿ ਪੰਚਾਇਤ ਨੇ ਕਾਨੂੰਨ ਨੂੰ ਛਿੱਕੇ ਟੰਗਕੇ, ਧੱਕੇਸ਼ਾਹੀ ਨਾਲ ਖੋਖੇ ਢਾਹੇ ਹਨ, ਜੇਕਰ ਬਾਲਿਆਂਵਾਲੀ ਦੀ ਪੰਚਾਇਤ ਸੱਚੀ-ਮੁੱਚੀ ਨਾਜਾਇਜ਼ ਕਬਜ਼ੇ ਹਟਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਪੰਚਾਇਤ ਆਪਣੀ ਪੀੜੀ ਹੇਠਾਂ ਸੋਟੀ ਫੇਰੇ ਕਿਉਂਕਿ ਸਰਪੰਚ ਖ਼ੁਦ ਅਤੇ ਇੱਕ ਪੰਚਾਇਤ ਮੈਂਬਰ ਦਾ ਘਰ ਵੀ ਪੰਚਾਇਤੀ ਜਗ੍ਹਾ ਉੱਤੇ ਨਾਜਾਇਜ਼ ਬਣਿਆ ਹੋਇਆ | ਉਸ 'ਤੇ ਕਾਰਵਾਈ ਕੌਣ ਕਰੇਗਾ? ਇਸ ਸੰਬੰਧੀ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਮੇਰੇ ਘਰ 'ਚ ਇੱਕ ਇੰਚ ਵੀ ਪੰਚਾਇਤੀ ਜਗ੍ਹਾ ਨਿਕਲਦੀ ਹੈ ਤਾਂ ਮੈਂ ਆਪਣਾ ਸਾਰਾ ਘਰ ਬਿਨ੍ਹਾਂ ਨੋਟਿਸ ਤੋਂ ਢਹਾਉਣ ਲਈ ਤਿਆਰ ਹਾਂ | ਇਸ ਮੌਕੇ ਸਰਪੰਚ ਸੁਖਪਾਲ ਕੌਰ, ਬਲਰਾਜ ਸਿੰਘ ਚਹਿਲ, ਪੰਚਾਇਤ ਮੈਂਬਰ ਹਰਿੰਦਰ ਸਿੰਘ ਪਿੰਕਾ, ਜਗਤਾਰ ਸਿੰਘ ਤਾਰੀ, ਕੇਵਲ ਸਿੰਘ ਰੰਧਾਵਾ, ਬੇਅੰਤ ਸਿੰਘ ਭੱਟੀ, ਜਸਵੀਰ ਸਿੰਘ ਮਾਨ, ਜੀਤ ਸਿੰਘ, ਅੰਮਿ੍ਤਪਾਲ ਸਿੰਘ ਦਿੜਬਾ, ਸ਼ਮਸ਼ੇਰ ਸਿੰਘ ਰੇਸ਼ੂ, ਰਣਜੀਤ ਸਿੰਘ ਨਿੱਕਾ, ਰਾਜਾ ਸਿੰਘ, ਰਜਿੰਦਰ ਕੁਮਾਰ (ਸਾਰੇ ਪੰਚਾਇਤ ਮੈਂਬਰ), ਅਤੇ ਪਿੰਡ ਦੇ ਪਤਵੰਤੇ ਸੱਜਣ ਅਮਨਦੀਪ ਸਿੰਘ ਨੰਬਰਦਾਰ, ਰਣਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ ਜੌੜਾ, ਸੁਖਵੀਰ ਸਿੰਘ ਮਾਨ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਮਾਨ ਕਾਲਾ, ਸੁੱਚਾ ਸਿੰਘ ਵੜੈਚ, ਸੀਰਾ ਕਬੱਡੀ ਖਿਡਾਰੀ, ਭੂਪਿੰਦਰ ਪਾਂਧੀ, ਕੁਲਦੀਪ ਪਾਂਧੀ, ਸੰਦੀਪ ਖਾਂ, ਸ਼ਿੰਦਾ ਖਾਂ ਅਤੇ ਕਿਸਾਨ ਆਗੂ ਮਾਸਟਰ ਹਰਨੇਕ ਸਿੰਘ, ਗੁਰਤੇਜ ਸਿੰਘ ਮਾਲੇਕਾ, ਜੰਟਾ ਸਿੰਘ ਮਾਲੇਕਾ, ਹੇਮਰਾਜ ਸ਼ਰਮਾ, ਜਲੌਰ ਸਿੰਘ ਦੰਦੀਵਾਲ, ਬੂਟਾ ਰੰਧਾਵਾ, ਫ਼ੌਜੀ ਕੁਲਵੰਤ ਸਿੰਘ ਕੰਤਾ, ਕੁਲਵਿੰਦਰ ਸ਼ਰਮਾ ਕੇ.ਕੇ ਆਦਿ ਕਿਸਾਨ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ |
ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ 'ਚ ਚੱਲਿਆ ਪੰਚਾਇਤ ਦਾ ਪੀਲਾ ਪੰਜਾ
ਅਜੀਤ ਡੈਸਕ
30-03-2026