03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼੍ਰੋਮਣੀ ਅਕਾਲੀ ਦਲ ਨੇ ਤਲਵੰਡੀ ਸਾਬੋ 'ਚ ਕੀਤੀ 'ਪੰਜਾਬ ਬਚਾਓ' ਰੈਲੀ, ਰਵੀਪ੍ਰੀਤ ਸਿੰਘ ਸਿੱਧੂ ਨੂੰ ਐਲਾਨਿਆ ਉਮੀਦਵਾਰ

ਅਜੀਤ ਡੈਸਕ 12-04-2026

ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ' ਸਿਰਲੇਖ ਹੇਠ ਸੂਬੇ ਭਰ 'ਚ ਕੀਤੀਆਂ ਜਾ ਰਹੀਆਂ ਰਾਜਸੀ ਰੈਲੀਆਂ ਦੀ ਲੜੀ 'ਚ ਅੱਜ 40 ਵੀਂ ਰੈਲੀ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ 'ਚ ਕੀਤੀ ਜਿਸ ਵਿਚ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ | ਲੋਕਾਂ ਦੇ ਭਾਰੀ ਇਕੱਠ ਦੇ ਚੱਲਦਿਆਂ ਰੈਲੀ ਦੀ ਸਫਲਤਾ ਤੋਂ ਗਦਗੱਦ ਹੁੰਦਿਆਂ ਪਾਰਟੀ ਆਲਾਕਮਾਨ ਆਗੂਆਂ ਵਲੋਂ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਗਿਆ | ਲੋਕਾਂ ਨੂੰ ਸੰਬੋਧਨ ਦੌਰਾਨ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ੍ਹ ਲੰਘ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਅਦਬੀਆਂ ਸੰਬੰਧੀ ਕਾਨੂੰਨ ਬਣਾਉਣ ਦੀ ਯਾਦ ਆ ਗਈ, ਪਰ ਬੇਅਦਬੀਆਂ ਸੰਬੰਧੀ ਕਾਨੂੰਨ ਤਾਂ 2016 'ਚ ਅਕਾਲੀ ਸਰਕਾਰ ਸਮੇਂ ਲਿਆਂਦਾ ਗਿਆ ਸੀ, ਪਰ ਬਾਅਦ ਦੀਆਂ ਸਰਕਾਰ ਪਿਛਲੇ ਦਸ ਸਾਲਾਂ 'ਚ ਉਸਨੂੰ ਪਾਸ ਹੀ ਨਹੀ ਕਰਵਾ ਸਕੀਆਂ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਹਰ ਗਲੀ 'ਚ ਨਸ਼ਾ ਵਿਕ ਰਿਹੈ, ਪਰ ਸਰਕਾਰ ਇਸਨੂੰ ਠੱਲ੍ਹ ਪਾਉਣ 'ਚ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਕਦੇ ਗੈਂਗਸਟਰਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਨਹੀ ਸੀ ਨੱਚਿਆ, ਪਰ ਜਦੋਂ ਦੀ 'ਆਪ' ਸਰਕਾਰ ਆਈ ਹੈ, ਉਦੋਂ ਦਾ ਗੈਂਗਸਟਰਾਂ ਦਾ ਰਾਜ ਨਜ਼ਰ ਆ ਰਿਹੈ | ਲਾਰੈਂਸ਼ ਬਿਸ਼ਨੋਈ ਵਰਗੇ ਖੁੱਲੇ੍ਹਆਮ ਇੰਟਰਵਿਊਆਂ ਦਿੰਦੇ ਰਹੇ ਤੇ ਹੱਦ ਤਾਂ ਇਹ ਕਿ ਇਸ ਸਰਕਾਰ ਨੇ ਜੱਗੂ ਭਗਵਾਨਪੁਰੀਆ ਦੀ ਮਾਸੀ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਾ ਦਿੱਤਾ, ਫਿਰ ਹੁਣ ਇਹ ਕਿਸ ਮੂੰਹ ਨਾਲ ਗੈਂਗਸਟਰਾਂ ਦੇ ਖ਼ਾਤਮੇ ਦੇ ਦਾਅਵੇ ਕਰ ਰਹੇ ਹਨ | ਇਕੱਠ ਨੂੰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਬਦਲਾਅ ਦੇ ਨਾਅਰੇ ਨਾਲ ਸੱਤਾ 'ਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਤੇ ਵਿਧਾਇਕ ਸਿਰਫ਼ ਜੇਬਾਂ ਭਰਨ 'ਚ ਲੱਗੇ ਹੋਏ ਹਨ | ਉਨ੍ਹਾਂ ਨੇ ਇੱਕ ਮੰਤਰੀ ਦੀ ਵਾਇਰਲ ਆਡੀਓ ਤੇ ਉਸਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਟਰਾਲੀ ਚੋਰਾਂ ਦੀ ਸਰਕਾਰ ਹੈ | ਆਪਣੇ ਸੰਬੋਧਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇ ਇਸ ਹਲਕੇ ਤੋਂ ਪਿਛਲੇ 41 ਸਾਲ੍ਹਾਂ ਤੋਂ ਅਕਾਲੀ ਦਲ ਦਾ ਵਿਧਾਇਕ ਨਹੀ ਬਣਿਆ, ਪਰ ਸਮੁੱਚੇ ਪੰਜਾਬ ਵਾਂਗ ਇਸ ਹਲਕੇ ਦਾ ਵਿਕਾਸ ਵੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ | ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ਤੇ ਪਵਿੱਤਰ ਸ਼ਹਿਰ ਤਲਵੰਡੀ ਸਾਬੋ ਦਾ ਸ੍ਰੀ ਅੰਮਿ੍ਤਸਰ ਸਾਹਿਬ ਵਾਂਗ ਵਿਕਾਸ ਕਰਾਂਗੇ ਤੇ 'ਗੁਰੂ ਕੀ ਕਾਸ਼ੀ' ਦੇ ਖ਼ਿਤਾਬ ਨਾਲ ਨਿਵਾਜੀ ਇਸ ਨਗਰੀ ਨੂੰ ਸਿੱਖਿਆ ਹੱਬ ਬਣਾਵਾਂਗੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕ ਵਿਸ਼ਵਾਸ ਖੋਹ ਚੁੱਕੀ ਹੈ ਪਹਿਲਾਂ ਲਾਲਜੀਤ ਭੁੱਲਰ ਤੋਂ ਤੰਗ ਆ ਕੇ ਇੱਕ ਅਫ਼ਸਰ ਖ਼ੁਦਕੁਸ਼ੀ ਕਰ ਚੁੱਕਾ ਹੈ ਤੇ ਹੁਣ ਮੰਤਰੀ ਮੁੰਡੀਆਂ ਦੀ ਆਡੀਓ ਵਾਇਰਲ ਹੋਣ ਨਾਲ ਪਤਾ ਲੱਗਾ ਗਿਆ ਕਿ ਹਮਾਮ 'ਚ ਸਾਰੇ ਨੰਗੇ ਹਨ | ਉਨ੍ਹਾਂ ਕਿਹਾ ਕਿ 2027 'ਚ ਅਕਾਲੀ ਸਰਕਾਰ ਬਣਨ ਤੇ ਜਿੱਥੇ ਨੌਜਵਾਨਾਂ ਨੂੰ ਕਾਰੋਬਾਰ ਲਈ 10 ਲੱਖ ਤੱਕ ਦਾ ਵਿਆਜ ਮੁਕਤ ਕਰਜ਼ਾ ਦੇਵਾਂਗੇ ਜਿਸ ਤੇ 75 ਪ੍ਰਤੀਸ਼ਤ ਸਬਸਿਡੀ ਹੋਵੇਗੀ | ਉੱਥੇ ਕਿਸਾਨਾਂ ਨੂੰ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਬੁਢਾਪਾ ਪੈਨਸ਼ਨ 3100 ਕਰਾਂਗੇ ਤੇ ਸ਼ਗਨ ਸਕੀਮ ਇੱਕ ਲੱਖ ਰੁਪਏ ਕੀਤੀ ਜਾਵੇਗੀ | ਬਾਦਲ ਨੇ ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਨੰੂ ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਜਿਸ ਦਾ ਪਾਰਟੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ | ਰੈਲੀ ਨੂੰ ਜਿੱਥੇ ਸੀ. ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸਿਕੰਦਰ ਸਿੰਘ ਮਲੂਕਾ ਨੇ ਸੰਬੋਧਨ ਕੀਤਾ ਉੱਥੇ ਇਸ ਮੌਕੇ ਸੀ. ਆਗੂ ਬਲਕਾਰ ਸਿੰਘ ਬਰਾੜ, ਮੋਹਣ ਸਿੰਘ ਬੰਗੀ, ਜਗਸੀਰ ਸਿੰਘ ਮਾਂਗੇਆਣਾ ਤੇ ਬੀਬੀ ਜੋਗਿੰਦਰ ਕੌਰ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਗੁਰਪ੍ਰੀਤ ਸਿੰਘ ਝੱਬਰ ਅੰਤਿ੍ਗ ਮੈਂਬਰ, ਜਗਸੀਰ ਸਿੰਘ ਜੱਗਾ ਕਲਿਆਣ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ, ਦਵਿੰਦਰ ਸਿੰਘ ਕੋਟਬਖਤੂ, ਗੁਰਤੇਜ ਸਿੰਘ ਨਸੀਬਪੁਰਾ, ਰਵੀ ਕੁਮਾਰ ਕੋਕੀ ਕੌਂਸਲਰ, ਗਿਆਨੀ ਨਛੱਤਰ ਸਿੰਘ ਜਗ੍ਹਾ, ਹੈਪੀ ਬੰਗੀ, ਭਿੰਦਾ ਸਿੰਘ ਜੱਜਲ, ਹਰਤਾਬਲ ਸਿੰਘ ਸੁੱਖੀ, ਕਮਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ, ਓਮ ਪ੍ਰਕਾਸ਼ ਸ਼ਰਮਾ ਪ੍ਰੈੱਸ ਸਕੱਤਰ ਆਦਿ ਮੌਜੂਦ ਸਨ | ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਜ਼ੈਲਦਾਰ ਅਤੇ ਸੁਖਮੰਦਰ ਸਿੰਘ ਭਾਗੀਵਾਂਦਰ ਨੇ ਨਿਭਾਈ |

ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਇੱਕ ਵਾਰ ਫਿਰ ਦੁਹਰਾਇਆ ਸਫਲਤਾ ਦਾ ਇਤਿਹਾਸ • 6 ਵਿਦਿਆਰਥਣਾਂ ਨੇ ਮੈਰਿਟ ਸੂਚੀ'ਚ... ਅਗਲੀ ਖ਼ਬਰ ਭੁੱਚੋ ਮੰਡੀ ਦੀ ਲਕਸ਼ਿਤਾ ਨੇ 98.5 ਫ਼ੀਸਦੀ ਅੰਕ ਹਾਸਿਲ ਕਰਕੇ ਮੈਰਿਟ ਵਿਚ ਨਾਂਅ ਬਣਾਇਆ •ਜ਼ਿਲ੍ਹਾ ਬਠਿੰਡਾ 'ਚੋਂ ਤੀਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।