ਮਾਨਸਾ, 18 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਪਾਣੀ ਬਚਾਉਣ ਲਈ ਜਾਰੀ ਉਪਰਾਲਿਆਂ ਤਹਿਤ ਨੇੜਲੇ ਪਿੰਡ ਬੁਰਜ ਰਾਠੀ ਵਿਖੇ ਕਿਸਾਨ ਸੁਖਪਾਲ ਸਿੰਘ ਦੇ 12 ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਕਰਵਾ ਕੇ ਜ਼ਿਲੇ੍ਹ ਅੰਦਰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਜਾ ਰਹੇ ਪੱਧਰ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸੇ ਮੰਤਵ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨ ਸਕੀਮ ਦਾ ਲਾਭ ਲੈਣ ਲਈ 15 ਜੂਨ ਤੱਕ https:// agrisubsidy.agrimachinerypb.com/#/dsr-registration 'ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ | ਡਾ. ਸਿੱਧੂ ਨੇ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ 15-20 ਫ਼ੀਸਦੀ ਪਾਣੀ ਦੀ ਬੱਚਤ ਦੇ ਨਾਲ ਜ਼ਮੀਨ 'ਚ ਪਾਣੀ ਦਾ ਰੀਚਾਰਜ, ਕੱਦੂ ਕਰ ਕੇ ਝੋਨਾ ਲਗਾਉਣ ਦੇ ਮੁਕਾਬਲੇ 10-12 ਪ੍ਰਤੀਸ਼ਤ ਵਧੇਰੇ ਹੁੰਦਾ ਹੈ | ਕਮਲਪ੍ਰੀਤ ਸਿੰਘ ਏ. ਟੀ. ਐਮ. ਨੇ ਦੱਸਿਆ ਕਿ ਜਿੱਥੇ ਇਸ ਵਿਧੀ ਨਾਲ ਬਿਜਾਈ ਕਰਨ ਨਾਲ ਮਜ਼ਦੂਰੀ ਦੀ ਬੱਚਤ ਤੇ ਫ਼ਸਲ ਨੂੰ ਬਿਮਾਰੀ ਘੱਟ ਲੱਗਦੀ ਹੈ ਉੱਥੇ ਹੋਰ ਖੇਤੀ ਖ਼ਰਚੇ ਘਟਣ ਤੋਂ ਇਲਾਵਾ ਝੋਨੇ ਦੀ ਪਰਾਲੀ ਦਾ ਸੌਖਾ ਪ੍ਰਬੰਧਨ ਅਤੇ ਕਣਕ ਦਾ ਝਾੜ ਵੀ ਵਧੇਰੇ ਨਿਕਲਦਾ ਹੈ | ਇਸ ਮੌਕੇ ਸੁਖਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਦਰਸਨ ਸਿੰਘ ਸਰਪੰਚ, ਨੈਬ ਸਿੰਘ, ਹਰਦੇਵ ਸਿੰਘ, ਸਵਰਨ ਸਿੰਘ, ਕਿ੍ਸ਼ਨ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ |
ਖੇਤੀਬਾੜੀ ਵਿਭਾਗ ਵਲੋਂ ਮਾਨਸਾ ਜ਼ਿਲੇ੍ਹ 'ਚ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ
ਅਜੀਤ ਡੈਸਕ
19-05-2026