ਰਾਮਾਂ ਮੰਡੀ, 18 ਮਈ (ਤਰਸੇਮ ਸਿੰਗਲਾ): ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਰਾਮਾਂ ਮੰਡੀ ਵਿਚ ਸਮੂਹ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਕੀਤੀ ਗਈ ਜਿਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਦੇ 19 ਉਮੀਦਵਾਰਾਂ ਸੁਨੀਤਾ ਰਾਣੀ (ਕਾਂਗਰਸ) ਵਾਰਡ-1, ਅਸ਼ਵਨੀ ਕੁਮਾਰ (ਕਾਂਗਰਸ) ਵਾਰਡ-03, ਸੰਜੀਵ ਕੁਮਾਰ (ਆਜ਼ਾਦ) ਵਾਰਡ-03, ਜੋਤੀ ਰਾਣੀ (ਕਾਂਗਰਸ) ਵਾਰਡ-04, ਸੰਗੀਤ ਕੌਰ (ਬਸਪਾ) ਵਾਰਡ-04, ਰਾਜਵੀਰ ਕੌਰ (ਆਪ) ਵਾਰਡ-06, ਬਲਵਿੰਦਰ ਸਿੰਘ ਪੁਰਬਾ (ਆਪ) ਵਾਰਡ-08, ਅਸ਼ੋਕ ਕੁਮਾਰ (ਆਜ਼ਾਦ) ਵਾਰਡ-08, ਰਾਜਪਾਲ ਸਿੰਘ (ਆਜ਼ਾਦ) ਵਾਰਡ-08, ਦੀਪਕ (ਆਪ) ਵਾਰਡ-08, ਮਨੀਸ਼ਾ ਰਾਣੀ (ਆਪ) ਵਾਰਡ-09, ਵਿਦਿਆ ਦੇਵੀ (ਆਜ਼ਾਦ) ਵਾਰਡ-10, ਸੁਖਦੇਵ ਰਾਜ (ਆਜਾਦ) ਵਾਰਡ-11, ਮਮਤਾ (ਆਪ) ਵਾਰਡ-12, ਬਲਵਿੰਦਰ ਕੌਰ (ਸ਼੍ਰੋਮਣੀ ਅਕਾਲੀ ਦਲ) ਵਾਰਡ-12, ਸਤੀਸ਼ ਕੁਮਾਰ (ਆਜ਼ਾਦ) ਵਾਰਡ-13, ਕੁਲਵੰਤ ਸਿੰਘ (ਆਪ) ਵਾਰਡ-13, ਅਨੀਤਾ ਰਾਣੀ (ਆਜ਼ਾਦ) ਵਾਰਡ-14, ਰੇਖਾ ਰਾਣੀ (ਸ਼੍ਰੋਮਣੀ ਅਕਾਲੀ ਦਲ) ਵਾਰਡ-14 ਨੂੰ ਵਿਰੁੱਧ ਵਿਰੋਧੀ ਉਮੀਦਵਾਰਾਂ ਵਲੋਂ ਇਤਰਾਜ਼ ਲਾਏ ਗਏ ਸਨ, ਪ੍ਰੰਤੂ ਮੌਕੇ 'ਤੇ ਮੌਜੂਦ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਜੁਆਬ ਦੇਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ | ਸਿੱਧਾ ਇਤਰਾਜ਼ ਦੇ ਅਧਾਰ 'ਤੇ ਨਾਮਜ਼ਦਗੀ ਪੱਤਰ ਰੱਦ ਕਰਨ ਦੀਆਂ ਕਾਪੀਆਂ ਹੀ ਦੇ ਦਿੱਤੀਆਂ ਗਈਆਂ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਕਾਲਾ ਨੇ ਕਿਹਾ ਕਿ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਹਰ ਨਾਗਰਿਕ ਨੂੰ ਚੋਣ ਲੜਨ ਦਾ ਪੂਰਾ ਹੱਕ ਹੈ, ਪਰ ਇਸ ਤਰ੍ਹਾਂ ਉਮੀਦਵਾਰਾਂ ਦੀ ਗੱਲ ਸੁਣੇ ਵਗੈਰ ਨਾਮਜ਼ਦਗੀ ਪੱਤਰ ਰੱਦ ਕਰਨਾ ਚੋਣ ਪ੍ਰਕਿਰਿਆ ਅਤੇ ਸੰਵਿਧਾਨ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦਾ ਆਜ਼ਾਦੀ ਨਾਲ ਚੋਣਾਂ ਲੜਨ ਦਾ ਹੱਕ ਹੀ ਖੋਹਿਆ ਜਾ ਰਿਹਾ ਹੈ, ਤਾਂ ਦੇਸ਼ ਦੀ ਆਜ਼ਾਦੀ ਦਾ ਮਤਲਬ ਹੀ ਕੀ ਰਹਿ ਗਿਆ ਹੈ | ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰੱਦ ਕੀਤੇ ਨਾਮਜ਼ਦਗੀ ਪੱਤਰਾਂ ਦੀ ਦੁਬਾਰਾ ਪੜਤਾਲ ਕੀਤੀ ਜਾਵੇ ਅਤੇ ਉਮੀਦਵਾਰਾਂ ਨੂੰ ਇਤਰਾਜ਼ ਦੇ ਜੁਆਬ ਦੇਣ ਦਾ ਮੌਕਾ ਦਿੱਤਾ ਜਾਵੇ |