ਰਾਮਾਂ ਮੰਡੀ, 18 ਮਈ (ਤਰਸੇਮ ਸਿੰਗਲਾ)-ਵਾਰ ਵਾਰ ਚੋਣਾਂ ਨੂੰ ਲੈ ਕੇ ਸਰਕਾਰ ਵਲੋਂ ਲਾਇਸੈਸੀ ਅਸਲਾ ਧਾਰਕਾਂ ਦਾ ਅਸਲਾ ਥਾਣੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਇਕ ਨਾਦਰਸ਼ਾਹੀ ਫੁਰਮਾਨ ਹੈ, ਕਿਉਂਕਿ ਇਸ ਨਾਲ ਅਪਰਾਧੀਆਂ ਨੂੰ ਵਾਰਦਾਤ ਕਰਨ ਦਾ ਮੌਕਾ ਮਿਲ ਜਾਂਦਾ ਹੈ | ਇਹ ਬਿਆਨ ਦਿੰਦੇ ਹੋਏ ਲੋਕ ਅਧਿਕਾਰ ਲਹਿਰ ਦੇ ਮੈਂਬਰ ਗਗਨਦੀਪ ਸਿੰਘ ਬੈਹਣੀਵਾਲ ਨੇ ਕਿਹਾ ਕਿ ਲੋਕਾਂ ਨੇ ਅਸਲੇ ਦੇ ਲਾਇਸੰਸ ਸ਼ੌਂਕ ਨਾਲ ਨਹੀਂ, ਮੋਟੀਆਂ ਸਰਕਾਰੀ ਫ਼ੀਸਾਂ ਅਦਾ ਕਰਕੇ ਮਾੜੇ ਹਾਲਾਤਾਂ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਲਏ ਹਨ, ਕਿਉਂਕਿ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਵਿਚ ਅਸਫ਼ਲ ਸਾਬਤ ਹੋ ਰਹੀ ਹੈ | ਰੋਜ਼ਾਨਾ ਪੰਜਾਬ ਵਿੱਚ ਰਾਹਗੀਰਾਂ ਦੀ ਲੁੱਟ ਖਸੁੱਟ, ਕਤਲ ਇੱਥੋਂ ਤੱਕ ਕਿ ਦੁਕਾਨਾਂ ਦੇ ਅੰਦਰ ਵੀ ਵਾਰਦਾਤਾਂ ਆਮ ਗੱਲ ਹੋ ਚੁੱਕੀ ਹੈ | ਬਹਿਣੀਵਾਲ ਨੇ ਕਿਹਾ ਕਿ ਵਾਰਦਾਤਾਂ ਵਿਚ ਜ਼ਿਆਦਾਤਰ ਗੈਰ ਕਾਨੂੰਨੀ ਅਸਲਾ ਵਰਤੇ ਜਾਣ ਦੇ ਹੀ ਮਾਮਲੇ ਸਾਹਮਣੇ ਆਏ ਹਨ, ਕਿਉਂਕਿ ਗੈਰਕਾਨੂੰਨੀ ਅਸਲਾ ਬਰਾਮਦ ਕਰਨ ਲਈ ਸਰਕਾਰ ਦੀਆਂ ਜਿੱਥੇ ਖ਼ੁਫ਼ੀਆ ਏਜੰਸੀਆਂ ਅਸਫ਼ਲ ਸਾਬਤ ਹੋ ਰਹੀਆਂ ਹਨ, ਉੱਥੇ ਗੈਰਕਾਨੂੰਨੀ ਅਸਲਾ ਰੱਖਣ ਵਾਲੇ ਵਿਅਕਤੀਆਂ ਲਈ ਸਜ਼ਾਵਾਂ ਵੀ ਕਮਜ਼ੋਰ ਹਨ | ਬਹਿਣੀਵਾਲ ਨੇ ਕਿਹਾ ਕਿ ਸਰਕਾਰ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਅਸਲਾ ਧਾਰਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਨੁਕਸਾਨ ਦੀ ਭਰਪਾਈ ਕਰਨ ਦੀ ਜ਼ਿੰਮੇਵਾਰੀ ਲਿਖਤੀ ਰੂਪ 'ਚ ਲਵੇ |