ਬਠਿੰਡਾ, 18 ਮਈ (ਪੱਤਰ ਪ੍ਰੇਰਕ)-ਸ਼ਹਿਰ ਦੇ ਕੱਪੜਾ ਵਪਾਰੀ ਤੋਂ ਮਾਲ ਲੈ ਕੇ ਭੁਗਤਾਨ ਨਾ ਕਰਨ ਦੇ ਦੋਸ਼ ਹੇਠ ਥਾਣਾ ਕੋਤਵਾਲੀ ਦੀ ਪੁਲਿਸ ਨੇ ਫ਼ਿਰੋਜ਼ਪੁਰ ਨਾਲ ਸਬੰਧਿਤ ਦੋ ਜਣਿਆਂ ਖ਼ਿਲਾਫ਼ ਠੱਗੀ ਦਾ ਮੁਕੱਦਮਾ ਦਰਜ ਕੀਤਾ ਹੈ | ਇਹ ਮਾਮਲਾ ਪੀੜਤ ਵਲੋਂ ਉੱਚ-ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਦਰਖਾਸਤ ਦੀ ਪੜਤਾਲ ਉਪਰੰਤ ਦਰਜ ਹੋਇਆ ਹੈ | ਥਾਣਾ ਕੋਤਵਾਲੀ ਦੀ ਪੁਲਿਸ ਨੇ ਦੱਸਿਆ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ ਕੇਵਕ ਕਿ੍ਸ਼ਨ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਸ਼ਹਿਰ ਦੀ ਨਵੀਂ ਕੱਪੜਾ ਮਾਰਕੀਟ ਵਿਚ ਕੱਪੜੇ ਦਾ ਕਾਰੋਬਾਰ ਕਰਦਾ ਹੈ ਤੇ ਉਸ ਤੋਂ ਕੱਪੜਾ ਕਾਰੋਬਾਰੀ ਰਾਜੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਵਾਸੀਆਨ ਮੱਖੂ (ਫ਼ਿਰੋਜ਼ਪੁਰ) ਨੇ 23 ਲੱਖ 44 ਹਜ਼ਾਰ 821 ਰੁਪਏ ਦਾ ਕੱਪੜਾ ਖ਼ਰੀਦ ਕੀਤਾ ਸੀ, ਪਰ ਤੈਅ ਸਮੇਂ ਅੰਦਰ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਤੇ ਕਾਫੀ ਸਮੇਂ ਤੋਂ ਪੈਸਿਆਂ ਦੀ ਮੰਗ ਕਰਨ ਦੇ ਬਾਵਜੂਦ ਦੋਵੇਂ ਟਾਲਮਟੋਲ ਕਰਦੇ ਆ ਰਹੇ ਹਨ ਤੇ ਅਜਿਹਾ ਕਰਕੇ ਉੱਕਤ ਨੇ ਉਸ ਨਾਲ ਪੈਸਿਆਂ ਦੀ ਠੱਗੀ ਮਾਰੀ ਹੈ | ਪੁਲਿਸ ਦਾ ਕਹਿਣਾ ਹੈ ਕਿ ਪੀੜਤ ਕੱਪੜਾ ਵਪਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਕੱਪੜਾ ਕਾਰੋਬਾਰੀ ਰਾਜੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਵਾਸੀਆਨ ਮੱਖੂ (ਫ਼ਿਰੋਜ਼ਪੁਰ) ਦੇ ਖ਼ਿਲਾਫ਼ ਥਾਣਾ ਕੋਤਵਾਲੀ 'ਚ ਮੁਕੱਦਮਾ ਦਰਜ ਕਰਨ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |