ਬਠਿੰਡਾ, 4 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਬਠਿੰਡਾ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਅੱਜ ਡਿੱਪੂ ਅੰਦਰ ਭੁੱਖ ਹੜਤਾਲ ਕੀਤੀ ਗਈ ਅਤੇ ਧਰਨਾ ਦਿੰਦੇ ਹੋਏ ਡਿਪੂ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰਤਾਰ ਸ਼ਰਮਾ ਅਤੇ ਸਕੱਤਰ ਅੰਗਰੇਜ਼ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਕਿੱਲੋਮੀਟਰ ਬੱਸਾਂ ਦੇ ਰੁਟੇਸ਼ਨ ਦੀ ਪ੍ਰਬੰਧਕਾਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਉਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਇਸ ਤੋਂ ਇਲਾਵਾ ਡਿਪੂ ਅੰਦਰ ਸਾਫ-ਸਫਾਈ, ਪੀਣ ਵਾਲੇ ਪਾਣੀ ਸਮੇਤ ਸਥਾਨਕ ਪੱਧਰ ਦੀਆਂ ਕੁਝ ਹੋਰਾਂ ਮੰਗਾਂ ਦਾ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਭੁੱਖ ਹੜਤਾਲ ਕਰਨ ਦਾ ਸਖ਼ਤ ਰਾਹ ਅਖ਼ਤਿਆਰ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਕਰੀਬ ਚਾਰ-ਪੰਜ ਘੰਟੇ ਚੱਲੀ ਭੁਖ ਹੜਤਾਲ ਤੋਂ ਬਾਅਦ ਆਖ਼ਰ ਡਿਪੂ ਪ੍ਰਬੰਧਕਾਂ ਨੇ ਉਕਤ ਮੰਗਾਂ ਨੂੰ ਮੰਨਦੇ ਹੋਏ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ, ਜਿਸ ਬਾਅਦ ਉਨ੍ਹਾਂ ਨੇ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਹੈ, ਪਰ ਜੇਕਰ ਵਾਅਦੇ ਅਨੁਸਾਰ ਤੈਅ ਸਮੇਂ 'ਚ ਉਕਤ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਉਹ ਮੁੜ ਤਿੱਖਾ ਸੰਘਰਸ਼ ਵਿੱਢਣਗੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਖ਼ਜ਼ਾਨਚੀ ਬਲਕਾਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਕਮਾਲੂ, ਰਣਜੀਤ ਸਿੰਘ ਖ਼ਾਲਸਾ, ਅਜਮੇਰ ਸਿੰਘ ਧਿੰਗਰ, ਗੁਲਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |