ਬਠਿੰਡਾ, 4 ਜੂਨ (ਸੱਤਪਾਲ ਸਿੰਘ ਸਿਵੀਆਂ)-ਪਿੰਡ ਗੁਰੂਸਰ ਸੈਣੇਵਾਲਾ ਦੇ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਦੇ ਕਥਿਤ ਕਤਲ ਮਾਮਲੇ 'ਚ ਪੁਲਿਸ ਨੇ ਦੋ ਮੁੱਖ ਜਣਿਆਂ ਨੂੰ ਆਖ਼ਰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਬਾਅਦ ਮਿ੍ਤਕ ਦੇ ਪਰਿਵਾਰ ਅਤੇ ਸਕੇ-ਸਬੰਧੀਆਂ ਤੇ ਅਕਾਲੀ ਵਰਕਰਾਂ ਵਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਸਾਹਮਣੇ ਮੁੱਖ ਸੜਕ ਵਿਚਕਾਰ ਪਿਛਲੇ ਕਰੀਬ ਤਿੰਨ ਹਫ਼ਤਿਆਂ ਤੋਂ ਲਗਾਇਆ ਗਿਆ ਪੱਕਾ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ | ਇਸ ਕਾਰਵਾਈ ਉਪਰੰਤ ਹੁਣ ਮਿ੍ਤਕ ਦਾ ਅੰਤਿਮ ਸਸਕਾਰ ਸੰਭਵ ਹੋ ਸਕੇਗਾ | ਧਰਨੇ ਦੀ ਸਮਾਪਤੀ ਮੌਕੇ ਇਕ ਐੱਸ.ਪੀ. ਅਤੇ ਦੋ ਡੀ.ਐੱਸ.ਪੀਜ਼ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ | ਇਸ ਮੌਕੇ ਡੀ.ਐੱਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮਿ੍ਤਕ ਨਿਰਮਲ ਸਿੰਘ ਟੀਟੂ ਦੀ ਮੌਤ ਦੇ ਮਾਮਲੇ ਵਿਚ ਦਰਜ ਮੁਕੱਦਮੇ 'ਚ ਨਾਮਜ਼ਦ ਕੁਲ ਪੰਜ ਜਣਿਆਂ 'ਚੋਂ ਗੁਰਪ੍ਰੀਤ ਸਿੰਘ ਅਤੇ ਰਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਛੇਤੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਉਪਰੰਤ ਮਿ੍ਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ | ਇਸ ਮਾਮਲੇ 'ਚ ਥਾਣਾ ਸਿਟੀ ਕੋਟਕਪੂਰਾ ਦੇ ਮੁੱਖ ਅਧਿਕਾਰੀ ਤੇ ਕੁਝ ਹੋਰ ਲੋਕਾਂ ਦੀ ਭੂਮਿਕਾ ਅਤੇ ਮਿ੍ਤਕ ਦੇ ਪਰਿਵਾਰ ਦੇ ਕੁਝ ਮੈਂਬਰਾਂ ਖ਼ਿਲਾਫ਼ ਦਰਜ ਮਾਮਲੇ ਦੀ ਸਿੱਟ ਜਾਂਚ ਕਰ ਰਹੀ ਹੈ | ਉੱਧਰ ਇਸ ਸੰਬੰਧੀ ਮਿ੍ਤਕ ਦੀ ਮਾਤਾ ਅਤੇ ਭਰਾ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਦੋ ਮੁੱਖ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਅਤੇ ਬਾਕੀਆਂ ਨੂੰ ਛੇਤੀ ਫੜਣ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ 'ਤੇ ਦਰਜ ਮਾਮਲੇ 'ਚ ਇਨਸਾਫ਼ ਦੇਣ ਦਾ ਪੁਲਿਸ ਨੇ ਭਰੋਸਾ ਦਿੱਤਾ ਹੈ, ਜਿਸ ਬਾਅਦ ਉਨ੍ਹਾਂ ਅੱਜ ਧਰਨਾ ਖ਼ਤਮ ਕਰ ਦਿੱਤਾ |
ਅਕਾਲੀ ਆਗੂ ਟੀਟੂ ਕਤਲ ਮਾਮਲੇ 'ਚ ਦੋ ਜਣੇ ਗਿ੍ਫ਼ਤਾਰ ਪਰਿਵਾਰ ਨੇ ਪੱਕਾ ਧਰਨਾ ਚੁੱਕਿਆ
ਅਜੀਤ ਡੈਸਕ
05-06-2026