ਤਲਵੰਡੀ ਸਾਬੋ, 10 ਜੂਨ (ਰਾਹੀ)-ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸਾਇੰਸ ਵਿਭਾਗ ਦੀਆਂ ਹੋਣਹਾਰ ਸਾਬਕਾ ਵਿਦਿਆਰਥਣਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਪ੍ਰਬੰਧਕਾਂ ਦੱਸਿਆ ਕਿ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਸੁਖਦੀਪ ਸਿੰਘ ਨੇ ਸੈਸ਼ਨ 2021-24 ਦੌਰਾਨ ਕਾਲਜ ਤੋਂ ਬੀ. ਐਸ. ਸੀ. ਨਾਨ-ਮੈਡੀਕਲ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਹੁਣ ਬੀ. ਐਡ. ਦੀ ਪੜ੍ਹਾਈ ਕਰ ਰਹੀ ਹੈ | ਪੜ੍ਹਾਈ ਦੌਰਾਨ ਹੀ ਉਸ ਨੇ ਪੀ. ਐਸ. ਟੀ. ਈ. ਟੀ. ਪ੍ਰੀਖਿਆ ਪਾਸ ਕਰਕੇ ਆਪਣੀ ਯੋਗਤਾ ਦਾ ਸਬੂਤ ਦਿੱਤਾ ਹੈ | ਇਸੇ ਤਰ੍ਹਾਂ ਅਮਨਦੀਪ ਕੌਰ ਪੁੱਤਰੀ ਕੁਲਜਿੰਦਰ ਸਿੰਘ ਨੇ ਵੀ ਸੈਸ਼ਨ 2021-24 ਵਿਚ ਕਾਲਜ ਤੋਂ ਬੀ. ਐਸ. ਸੀ. ਨਾਨ-ਮੈਡੀਕਲ ਦੀ ਡਿਗਰੀ ਪ੍ਰਾਪਤ ਕੀਤੀ | ਆਪਣੀ ਮਿਹਨਤ ਅਤੇ ਲਗਨ ਸਦਕਾ ਉਸ ਦੀ ਸਰਕਾਰੀ ਨੌਕਰੀ 'ਤੇ ਨਿਯੁਕਤੀ ਇੰਡੀਅਨ ਬੈਂਕ 'ਚ ਹੋਈ ਹੈ, ਜੋ ਕਿ ਕਾਲਜ ਅਤੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ | ਉਕਤ ਵਿਦਿਆਰਥਣਾਂ ਨੂੰ ਅੱਜ ਕਾਲਜ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦੇ ਹੋਏ ਵਿਦਿਆਰਥੀ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਨੇ ਉਨ੍ਹਾਂ ਦੇ ਵਿਅਕਤੀਗਤ ਅਤੇ ਪੇਸ਼ੇਵਰ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਕਿਹਾ ਕਿ ਕਾਲਜ ਦਾ ਅਨੁਕੂਲ ਵਾਤਾਵਰਣ, ਯੋਗ ਅਧਿਆਪਕਾਂ ਦੀ ਰਹਿਨੁਮਾਈ ਅਤੇ ਉੱਚ ਪੱਧਰੀ ਸਿੱਖਿਆ ਨੇ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਡਾ: ਨਰਿੰਦਰ ਸਿੰਘ, ਪ੍ਰੋ: ਸ਼ਾਲਿਨੀ ਸਹਿਗਲ, ਵਿਭਾਗ ਮੁਖੀ ਡਾ: ਨਵਨੀਤ ਦਾਬੜਾ, ਡਾ: ਗੁਰਮੇਜ ਸਿੰਘ, ਪ੍ਰੋ: ਬਲਦੀਪ ਕੌਰ, ਪ੍ਰੋ: ਯਾਦਵੀਰ ਕੌਰ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |