ਭਗਤਾ ਭਾਈਕਾ, 11 ਜੂਨ (ਸੁਖਪਾਲ ਸਿੰਘ ਸੋਨੀ)-ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ (ਆਰਐਸਪੀ) ਨੇ ਪੰਜਾਬ ਵਿਧਾਨ ਸਭਾਚੋਣਾਂ-2027 ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰਦਿਆਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪ੍ਰੀਤਮ ਸਿੰਘ ਭਗਤਾ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ | ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਦੱਸਿਆ ਕਿ ਪ੍ਰੀਤਮ ਸਿੰਘ ਭਗਤਾ ਦੀ ਲੋਕ ਸੇਵਾ ਅਤੇ ਸੰਘਰਸ਼ਸ਼ੀਲ ਭੂਮਿਕਾ ਨੂੰ ਦੇਖਦਿਆਂ ਪਾਰਟੀ ਵਲੋਂ ਉਨ੍ਹਾਂ ਨੂੰ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਆਰਐਸਪੀ ਪੰਜਾਬ ਵਿਚ ਲੋਕਪੱਖੀ, ਧਰਮਨਿਰਪੱਖ ਅਤੇ ਸਮਾਜਿਕ ਨਿਆਂ ਅਧਾਰਿਤ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ | ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਨੂੰ ਹਲਕੇ ਦੇ ਹਰ ਪਿੰਡ ਅਤੇ ਵਾਰਡ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ | ਕਰਨੈਲ ਸਿੰਘ ਇਕੋਲਾਹਾ ਨੇ ਰਾਮਪੁਰਾ ਫੂਲ ਦੇ ਵੋਟਰਾਂ ਨੂੰ ਲੋਕ ਹਿੱਤਾਂ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਲਈ ਪ੍ਰੀਤਮ ਸਿੰਘ ਭਗਤਾ ਦਾ ਸਾਥ ਦੇਣ ਅਤੇ ਇਕ ਮਜ਼ਬੂਤ ਲੋਕਪੱਖੀ ਬਦਲ ਖੜ੍ਹਾ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਆਰ ਵਾਈ ਐਫ਼ ਦੇ ਕੇਂਦਰੀ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਬਾਵਾ ਮੌਜੂਦ ਸਨ |