ਮਹਿਮਾ ਸਰਜਾ, 16 ਜੂਨ (ਬਲਦੇਵ ਸੰਧੂ)-ਪਿਛਲੇ ਦਿਨੀਂ ਬਠਿੰਡਾ ਵਿਖੇ ਇਕ ਸਮਾਰੋਹ ਵਿਚ ਪੁੱਜਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਉਹ ਸਿਵਲ ਏਅਰਪੋਰਟ ਵਿਰਕ ਕਲਾਂ ਤੋਂ ਬਠਿੰਡਾ ਦੌਰੇ ਲਈ ਰਵਾਨਾ ਹੋ ਰਹੇ ਸਨ ਤਾਂ ਪਿੰਡ ਵਿਰਕ ਕਲਾਂ ਦੀ ਗ੍ਰਾਮ ਪੰਚਾਇਤ, ਸਰਪੰਚ ਚਰਨਜੀਤ ਕੌਰ ਅਤੇ 'ਆਪ' ਆਗੂ ਬਲਜਿੰਦਰ ਕੌਰ ਵਿਰਕ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਨੇੜੇ ਉਨ੍ਹਾਂ ਨੂੰ ਮੰਗ ਪੱਤਰ ਦੇਣ ਲਈ ਇਕੱਠ ਕੀਤਾ | ਸੁਰੱਖਿਆ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਆਪਣੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੇ ਹਨ | ਇਸ ਦੌਰਾਨ ਮੁੱਖ ਮੰਤਰੀ ਦਾ ਕਾਫ਼ਲਾ ਪਿੰਡ ਪਹੁੰਚਣ 'ਤੇ ਕੁਝ ਸਮੇਂ ਲਈ ਰੁਕਿਆ | ਮੁੱਖ ਮੰਤਰੀ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕਰਕੇ ਪੰਚਾਇਤ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਵਿਚ ਦਰਜ ਜਾਇਜ਼ ਮੰਗਾਂ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ | ਸਰਪੰਚ ਚਰਨਜੀਤ ਕੌਰ, ਬਲਜਿੰਦਰ ਕੌਰ ਵਿਰਕ, ਪਰਮਪਾਲ ਸਿੰਘ, ਜੱਸਾ ਰਾਮਗੜ੍ਹੀਆ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਰੀਬ ਪੰਜ ਮਿੰਟ ਉਨ੍ਹਾਂ ਨਾਲ ਗੱਲਬਾਤ ਕੀਤੀ | ਮੰਗ ਪੱਤਰ ਵਿਚ ਕਮਜ਼ੋਰ ਹੋ ਚੁੱਕੇ ਖਾਲਿਆਂ ਦੀ ਮੁੜ ਉਸਾਰੀ, ਅਧੂਰੀ ਪਾਈਪ ਲਾਈਨ ਪੂਰੀ ਕਰਨ, ਨਵੇਂ ਨੱਕੇ-ਫੱਟੀਆਂ ਲਗਾਉਣ ਅਤੇ ਪਿੰਡ ਦੀ ਮੁੱਖ ਸੜਕ ਦੇ ਨਿਰਮਾਣ ਦੀ ਮੰਗ ਕੀਤੀ ਗਈ ਹੈ |