ਮਹਿਮਾ ਸਰਜਾ, 16 ਜੂਨ (ਬਲਦੇਵ ਸੰਧੂ)-ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਬਠਿੰਡਾ ਖੇਤਰ ਦੇ ਪਿੰਡਾਂ ਵਿਚ ਆਏ ਤੇਜ਼ ਮੀਂਹ ਅਤੇ ਝੱਖੜ ਕਾਰਨ ਪ੍ਰਭਾਵਿਤ ਹੋਇਆ ਪਾਵਰਕਾਮ ਦਾ ਬਿਜਲੀ ਪ੍ਰਬੰਧ ਛੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਪੱਟੜੀ 'ਤੇ ਨਹੀਂ ਚੜ੍ਹ ਸਕਿਆ | ਗਰਿੱਡ ਕਿਲੀ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਕੋਠੇ ਛੱਪੜੀ ਵਾਲੇ, ਕੋਠੇ ਫੂਲਾ ਸਿੰਘ ਵਾਲੇ ਅਤੇ ਭਾਗੂ ਫੀਡਰਾਂ ਨੂੰ ਖੇਤੀਬਾੜੀ ਲਈ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨ ਆਗੂਆਂ ਕੁਲਵੰਤ ਸਿੰਘ, ਥਾਣਾ ਸਿੰਘ, ਮੁਖਤਿਆਰ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ ਅਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਪਹਿਲਾਂ ਘਰੇਲੂ ਬਿਜਲੀ ਸਪਲਾਈ ਵੀ ਪੰਜ ਦਿਨ ਬੰਦ ਰਹਿਣ ਕਾਰਨ ਲੋਕਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ | ਹੁਣ ਖੇਤੀ ਫੀਡਰ ਬੰਦ ਹੋਣ ਨਾਲ ਝੋਨੇ ਦੇ ਸੀਜ਼ਨ ਦੌਰਾਨ ਸਿੰਚਾਈ ਕਾਰਜ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਪਾਵਰਕਾਮ ਪ੍ਰਸ਼ਾਸਨ ਤੋਂ ਤੁਰੰਤ ਖੇਤੀ ਸਪਲਾਈ ਬਹਾਲ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਬਿਜਲੀ ਸਪਲਾਈ ਮੁੜ ਚਾਲੂ ਨਾ ਕੀਤੀ ਗਈ ਤਾਂ ਕਿਸਾਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਗੇ | ਇਸ ਸਬੰਧੀ ਪਾਵਰਕੌਮ ਦੇ ਸਬੰਧਿਤ ਜੇ.ਈ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |