ੀਮੌੜ ਮੰਡੀ, 17 ਜੂਨ (ਗੁਰਜੀਤ ਸਿੰਘ ਕਮਾਲੂ)- ਇਕ ਨਿੱਜੀ ਸੀਮੈਂਟ ਕੰਪਨੀ ਜੇ.ਕੇ ਸੀਮੈਂਟ ਵਲੋਂ ਪਿੰਡ ਮਾਈਸਰਖਾਨਾ ਵਿਖੇ ਸੀਮੈਂਟ ਫ਼ੈਕਟਰੀ ਲਗਾਈ ਜਾ ਰਹੀ ਹੈ ਜਿਸ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੰਪਨੀ ਦੇ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਲਈ ਜਨਤਕ ਸੁਣਵਾਈ ਰੱਖੀ ਗਈ ਸੀ। ਮੈਡਮ ਕੰਚਨ ਸਿੰਗਲਾ ਏ.ਡੀ.ਸੀ. ਬਠਿੰਡਾ, ਗੁਰਵਿੰਦਰ ਸਿੰਘ ਐਸ.ਡੀ.ਐਮ.ਮੌੜ ਦੀ ਦੇਖ ਰੇਖ ਵਿਚ ਇਹ ਸੁਣਵਾਈ ਸ਼ੁਰੂ ਹੋਈ। ਕੰਪਨੀ ਦੇ ਅਧਿਕਾਰੀਆਂ ਮੈਡਮ ਸ਼ਿਵਾਨੀ ਗੁਪਤਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੰਪਨੀ ਲੱਗਣ ਦੇ ਬਾਰੇ ਵਿਚ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕੰਪਨੀ ਦੀਆਂ ਨੀਤੀਆਂ ਦਾ ਇਸ ਸੁਣਵਾਈ ਦੌਰਾਨ ਵਾਤਾਵਰਨ ਪ੍ਰੇਮੀਆਂ, ਕਿਸਾਨ ਯੂਨੀਅਨਾਂ, ਜਨਤਕ ਜਥੇਬੰਦੀਆਂ ਅਤੇ ਪਿੰਡ ਮਾਈਸਰਖਾਨਾ, ਭਾਈ ਬਖਤੌਰ, ਯਾਤਰੀ ਮੌੜ ਚੜ੍ਹਤ ਸਿੰਘ ਅਤੇ ਜੋਧਪੁਰ ਦੇ ਲੋਕਾਂ ਵਲੋਂ ਭਰਵਾਂ ਵਿਰੋਧ ਜਤਾਇਆ ਗਿਆ। ਅੱਜ ਸਵੇਰੇ ਜਿਉਂ ਹੀ ਸੀਮੈਂਟ ਕੰਪਨੀ ਜੇ.ਕੇ. ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਜਨਤਕ ਸੰਵਾਦ ਕਰਨ ਲਈ ਪਹੁੰਚੇ ਤਾਂ ਕਿਸਾਨ ਜਥੇਬੰਦੀਆਂ, ਜਨਤਕ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਨੂੰ ਉਸ ਜਗ੍ਹਾ ‘ਤੇ ਨਾ ਜਾਣ ਦੇਣ ਲਈ ਪੁਲਿਸ ਵਲੋਂ ਬੈਰੀਕੇਡ ਲਗਾ ਦਿੱਤੇ ਗਏ। ਪ੍ਰੰਤੂ ਲੋਕ ਰੋਹ ਅੱਗੇ ਇਹ ਬੈਰੀਕੇਟ ਬੌਣੇ ਸਾਬਿਤ ਹੋਏ ਅਤੇ ਲੋਕ ਇਨ੍ਹਾਂ ਬੈਰੀਕੇਟ ਨੂੰ ਤੋੜਦੇ ਹੋਏ ਸੁਣਵਾਈ ਵਾਲੀ ਜਗ੍ਹਾ ‘ਤੇ ਪਹੁੰਚੇ। ਇਸ ਮੌਕੇ ਖੁਸ਼ਵਿੰਦਰ ਸਿੰਘ ਮੱਤੇਵਾੜਾ, ਲੱਖਾ ਸਿੰਘ ਸਿਧਾਣਾ, ਅਮਿਤੋਜ਼ ਮਾਨ, ਸੰਦੀਪ ਸਿੰਘ ਸਿੱਧੂ, ਬਲਦੇਵ ਸਿੰਘ ਸੰਦੋਹਾ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ ਯੂਨੀਅਨ, ਰੇਸ਼ਮ ਸਿੰਘ ਯਾਤਰੀ, ਜਸਵੀਰ ਸਿੰਘ ਸੇਮਾ ਕਿਸਾਨ ਯੂਨੀਅਨ ਉਗਰਾਹਾਂ, ਰਾਜਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ ਕਿਸਾਨ ਯੂਨੀਅਨ ਉਗਰਾਹਾਂ, ਜਸਵਿੰਦਰ ਕੌਰ ਕੱਲ੍ਹੋ ਸੰਗਰੂਰ, ਪ੍ਰਗਟ ਸਿੰਘ ਵਿਰਕ ਆਦਿ ਨੇ ਫ਼ੈਕਟਰੀ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਅਸਹਿਮਤ ਹੁੰਦਿਆਂ ਕਿਹਾ ਕਿ ਇਹ ਫ਼ੈਕਟਰੀ ਲੋਕ ਹਿੱਤ ਦੇ ਖਿਲਾਫ ਹੈ ਕਿਉਂਕਿ ਇਸ ਫ਼ੈਕਟਰੀ ਦੇ ਲੱਗਣ ਉਪਰੰਤ ਜੋ ਪ੍ਰਦੂਸ਼ਣ ਹੋਵੇਗਾ ਉਸ ਨਾਲ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਸਿਹਤ ‘ਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮਾਣਯੋਗ ਸੁਪਰੀਮ ਕੋਰਟ ਦੀਆਂ ਕਈ ਗਾਈਡ ਲਾਈਨ ਨੂੰ ਵੀ ਪੂਰਾ ਨਹੀਂ ਕਰਦਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਪੀਣ ਯੋਗ ਨਹੀ ਰਿਹਾ ਹੁਣ ਇਹੋ ਜਿਹੀਆਂ ਫ਼ੈਕਟਰੀਆਂ ਜਿਨ੍ਹਾਂ ਦੀ ਧੂੜ ਤੇ ਕਣ ਹਵਾ ਵਿਚ ਮਿਲ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਗੇ। ਇਸ ਲਈ ਇਸ ਇਲਾਕੇ ਅੰਦਰ ਇਹ ਫ਼ੈਕਟਰੀ ਨਹੀ ਲੱਗਣੀ ਚਾਹੀਦੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਐਕਸੀਅਨ ਦਲਜੀਤ ਸਿੰਘ ਅਤੇ ਹਰਮਨਜੀਤ ਸਿੰਘ ਵਲੋਂ ਵੀ ਪ੍ਰਦੂਸ਼ਣ ਕੰਟਰੋਲ ਵਲੋਂ ਆਪਣੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਲੋਕ ਉਨ੍ਹਾਂ ਨਾਲ ਵੀ ਬਹੁਤੇ ਸਹਿਮਤ ਹੁੰਦੇ ਨਜ਼ਰੀ ਨਹੀ ਆਏ। ਲੋਕਾਂ ਨੇ ਇਕਜੁੱਟ ਹੁੰਦੇ ਹੋਏ ਆਪਣੇ ਹੱਥ ਖੜ੍ਹੇ ਕਰਕੇ ਇਸ ਸੀਮੈਂਟ ਫ਼ੈਕਟਰੀ ਦੇ ਵਿਰੋਧ ਵਿਚ ਆਪਣਾ ਫੈਸਲਾ ਦਿੱਤਾ ਹੈ ਅਤੇ ਅੱਗੇ ਤੋਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸੀਮੈਂਟ ਕੰਪਨੀ ਅਤੇ ਪ੍ਰਸ਼ਾਸਨ ਨੇ ਧੱਕੇ ਨਾਲ ਇਹ ਫ਼ੈਕਟਰੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।