ਬਠਿੰਡਾ, 17 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪਿੰਡ ਭੁੱਚੋ ਖ਼ੁਰਦ ਦੇ ਨਹਿਰੀ ਖਾਲ ਦੇ ਲੰਬੇ ਸਮੇਂ ਤੋਂ ਲਟਕਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਕਮੇਟੀ ਵਲੋਂ ਟਿਊਬਵੈੱਲ ਕਾਰਪੋਰੇਸ਼ਨ ਬਠਿੰਡਾ ਦੇ ਐਕਸੀਅਨ ਦੇ ਨਾਂਅ ਦਫ਼ਤਰੀ ਸਟਾਫ਼ ਨੂੰ ਮੰਗ ਪੱਤਰ ਸੌਂਪਿਆ ਗਿਆ। ਉਪਰੰਤ ਜਥੇਬੰਦੀ ਦੇ ਜ਼ਿਲ੍ਹਾ ਆਗੂ ਅਮਰਜੀਤ ਹਨੀ ਅਤੇ ਪਿੰਡ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਭਾਈ ਕਾ ਨੇ ਕਿਹਾ ਕਿ ਪਿੰਡ ਦੇ ਨਵੇਂ ਨਹਿਰੀ ਖਾਲ ਦੀ ਮੰਗ ਨੂੰ ਲੈ ਕੇ ਕਿਸਾਨ ਕਈ ਵਾਰ ਸਰਕਾਰ, ਡੀ.ਸੀ. ਬਠਿੰਡਾ ਅਤੇ ਭੁੱਚੋ ਹਲਕੇ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਵੀ ਮਿਲ ਚੁੱਕੇ ਹਨ। ਪਰ ਅਧਿਕਾਰੀਆਂ ਅਤੇ ਵਿਧਾਇਕ ਵਲੋਂ ਵਾਰ-ਵਾਰ ਭਰੋਸੇ ਹੀ ਦਿੱਤੇ ਗਏ ਹਨ। ਵਿਧਾਇਕ ਦੇ ਕਹਿਣ ‘ਤੇ ਪੰਚਾਇਤ ਦੇ ਦਸਤਖ਼ਤਾਂ ਅਤੇ ਮੋਹਰ ਵਾਲੀ ਅਰਜ਼ੀ ਤਿਆਰ ਕਰਕੇ ਦਿੱਤੀ ਗਈ, ਜਿਸ ‘ਤੇ 9 ਜੂਨ ਨੂੰ ਵਿਧਾਇਕ ਵਲੋਂ ਵੀ ਮੋਹਰ ਲਗਾਈ ਗਈ। ਹੁਣ ਕਿਸਾਨਾਂ ਦੀ ਆਸ ਸੰਬੰਧਿਤ ਵਿਭਾਗ ਦੀ ਅਗਲੀ ਕਾਰਵਾਈ ‘ਤੇ ਹੈ । ਕਿਸਾਨ ਆਗੂ ਸੁਖਮੰਦਰ ਸਿੰਘ ਸਰਾਭੇ ਨੇ ਕਿਹਾ ਕਿ ਪਿੰਡ ਦੇ ਨਹਿਰੀ ਖਾਲ ਨੂੰ ਬਣੇ ਕਰੀਬ 40 ਤੋਂ 50 ਸਾਲ ਹੋ ਚੁੱਕੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਮਜਬੂਰੀਵੱਸ ਕਿਸਾਨ ਧਰਤੀ ਹੇਠਲੇ ਪਾਣੀ ਨਾਲ ਸਿੰਚਾਈ ਕਰ ਰਹੇ ਹਨ, ਜਦਕਿ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਦੇ ਵਾਟਰ ਵਰਕਸ ਨੂੰ ਵੀ ਨਹਿਰੀ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਇਸ ਕਾਰਨ ਪਿੰਡ ਵਾਸੀਆਂ ਨੂੰ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਸਿਹਤ ਲਈ ਢੁਕਵਾਂ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਨਵਾਂ ਨਹਿਰੀ ਖਾਲ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਪਾਲ ਸਿੰਘ ਭਾਈ ਕਾ ਅਤੇ ਲਾਭ ਸਿੰਘ ਸੰਧੂ ਵੀ ਹਾਜ਼ਰ ਸਨ।