ਬਠਿੰਡਾ, 17 ਜੂਨ (ਸੱਤਪਾਲ ਸਿੰਘ ਸਿਵੀਆਂ)- ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਸਰਕਲ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਪਰੰਤ ਨਿਗਰਾਨ ਇੰਜੀਨੀਅਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇੰਪਲਾਈਜ਼ ਸੰਘਰਸ਼ ਯੂਨੀਅਨ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਸਿੱਧੂ, ਸੂਬਾ ਉਪ-ਪ੍ਰਧਾਨ ਹਰਜਸ ਸਿੰਘ ਮਹਿਰਾਜ, ਵਿੱਤ ਸਕੱਤਰ ਇਕਬਾਲ ਸਿੰਘ, ਸੂਬਾ ਆਗੂ ਕੁਲਵਿੰਦਰ ਸਿੰਘ ਨਭੇੜਾ, ਪੈਨਸ਼ਨਰ ਵੈਲਫ਼ੇਅਰ ਫੈਡਰੇਸ਼ਨ ਦੇ ਸੂਬਾ ਆਗੂ ਜਗਦੀਸ਼ ਰਾਮਪੁਰਾ, ਜਗਦੇਵ ਸਿੰਘ ਮਾਨ ਤੇ ਸਰਕਲ ਪ੍ਰਧਾਨ ਅਰਜਨ ਸਿੰਘ ਲਹਿਰਾ ਨੇ ਕਿਹਾ ਕਿ 17 ਜੁਲਾਈ 2020 ਤੋਂ ਪਹਿਲਾਂ ਭਰਤੀ ਹੋਏ ਅਤੇ ਬਾਅਦ ‘ਚ ਤਰੱਕੀ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦਾ 35400 ਦਾ ਸਕੇਲ ਤੁਰੰਤ ਬਹਾਲ ਕੀਤਾ ਜਾਵੇ, ਤਰੱਕੀ ਤੋਂ ਬਾਅਦ ਇਨ੍ਹਾਂ ‘ਤੇ 23500 ਦਾ ਘੱਟ ਸਕੇਲ ਲਾਗੂ ਕਰਨਾ ਧੱਕੇਸ਼ਾਹੀ ਹੈ। ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ 19900 ਦਾ ਸਕੇਲ ਲਾਗੂ ਕੀਤਾ ਗਿਆ ਹੈ, ਜਦਕਿ ਕੇਂਦਰ ਸਰਕਾਰ ਵਲੋਂ 25500 ਦਾ ਸਕੇਲ ਨਿਰਧਾਰਿਤ ਹੈ, ਇਸ ਲਈ ਇਨ੍ਹਾਂ ਕਰਮੀਆਂ ਨੂੰ ਵੀ ਬਣਦਾ ਹੱਕ ਦਿੱਤਾ ਜਾਵੇ। ਪਾਰਟ-ਟਾਈਮ ਸਵੀਪਰਾਂ ਨੂੰ ਰੈਗੂਲਰ ਕਰਕੇ ਪੰਜਾਬ ਸਰਕਾਰ ਦੇ ਪ੍ਰਵਾਨਿਤ ਸਕੇਲ ਲਾਗੂ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਤਰੱਕੀਆਂ ਕੀਤੀਆਂ ਜਾਣ, ਖਾਲੀ ਅਸਾਮੀਆਂ ਭਰੀਆਂ, 16 ਫੀਸਦੀ ਡੀ. ਏ. ਜਾਰੀ ਕੀਤਾ ਜਾਵੇ, ਨਹੀਂ ਤਾਂ ਉਹ ਮੈਨੇਜਮੈਂਟ ਦਾ ਫ਼ੀਲਡ ਦੌਰੇ ਮੌਕੇ ਕਾਲੇ ਝੰਡਿਆਂ ਨਾਲ ਵਿਰੋਧ ਕਰਨਗੇ। ਇਸ ਤੋਂ ਇਲਾਵਾ ਡਿਊਟੀ ਤੋਂ ਬਗੈਰ ਹੋਰ ਸਬ-ਸਟੇਸ਼ਨ ਜਾਂ ਫੀਡਰ ‘ਤੇ ਵਾਧੂ ਕੰਮ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਦਫ਼ਤਰੀ ਆਰਜ਼ੀ ਹੈਡਕੁਆਰਟਰ ਨੂੰ ਮੰਨਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਉਕਤ ਮੰਗਾਂ ਮੰਨਵਾਉਣ ਲਈ 22 ਜੂਨ ਤੱਕ ਸਰਕਲ ਪੱਧਰੀ ਰੋਸ ਧਰਨਿਆਂ ਤੋਂ ਬਾਅਦ 24 ਜੂਨ ਨੂੰ ਬਿਜਲੀ ਮੰਤਰੀ ਦੀ ਖੰਨਾ ਸਥਿਤ ਰਿਹਾਇਸ਼ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।