ਭੁੱਚੋ ਮੰਡੀ, 23 ਜੂਨ (ਪਰਵਿੰਦਰ ਸਿੰਘ ਜੌੜਾ)- ਕੁਝ ਲੋਕਾਂ ਵਲੋਂ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਦੇ ਜਾਅਲੀ ਪੀ.ਏ. ਬਣ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੰਮ ਧੰਦਿਆਂ ਲਈ ਫ਼ੋਨ ਕਰਨ ਦਾ ਮਾਮਲਾ ਸੁਰਖ਼ੀਆਂ ’ਚ ਆਇਆ ਹੈ। ਇਸ ਦਾ ਸਖ਼ਤ ਨੋਟਿਸ ਲੈਂਦਿਆਂ ਵਿਧਾਇਕ ਮਾ. ਜਗਸੀਰ ਸਿੰਘ ਨੇ ‘ਅਜੀਤ’ ਨਾਲ ਵਿਸ਼ੇਸ਼ ਵਾਰਤਾ ਦੌਰਾਨ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਪੀ.ਏ. ਸਿਰਫ਼ ਰਸ਼ਟੀ ਮਿੱਤਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਉਨ੍ਹਾਂ ਦਾ ਪੀ.ਏ. ਬਣ ਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਫ਼ੋਨ ਕਰਦਾ ਹੈ ਤਾਂ ਉਸ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਤੁਰੰਤ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਸ਼ਟੀ ਮਿੱਤਲ ਤੋਂ ਇਲਾਵਾ ਉਨ੍ਹਾਂ ਦਾ ਹੋਰ ਕੋਈ ਵੀ ਪੀ.ਏ. ਜਾਂ ਸਹਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਜਾਅਲੀ ਪੀ.ਏ. ਬਣ ਕੇ ਗਲਤ ਕੰਮ ਕਰਵਾਉਣਾ ਚਾਹੁੰਦੇ ਹਨ, ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਵਧੇਰੇ ਚੌਕਸ ਰਹਿਣ ਦੀ ਤਾਕੀਦ ਕੀਤੀ ਹੈ।
ਵਿਧਾਇਕ ਭੁੱਚੋ ਦੇ ਜਾਅਲੀ ਪੀ.ਏ. ਬਣ ਕੇ ਅਧਿਕਾਰੀਆਂ ਨੂੰ ਲਾਇਆ ਫ਼ੋਨ
ਅਜੀਤ ਡੈਸਕ
24-06-2026