02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਰਾਮਗੜ੍ਹ ਮਾਈਨਰ ਦੀ ਟੇਲ ’ਤੇ ਤਿੰਨ ਮਹੀਨਿਆਂ ਤੋਂ ਨਹਿਰੀ ਪਾਣੀ ਦਾ ਸੋਕਾ

ਅਜੀਤ ਡੈਸਕ 01-07-2026

ਮਹਿਮਾ ਸਰਜਾ, 30 ਜੂਨ (ਬਲਦੇਵ ਸੰਧੂ)- ਜ਼ਿਲ੍ਹਾ ਫ਼ਰੀਦਕੋਟ ਦੇ ਰੌਂਤਾ ਰਾਜਬਾਹੇ ਵਿਚੋਂ ਨਿਕਲਦੀ ਰਾਮਗੜ੍ਹ ਮਾਈਨਰ ਦੀ ਟੇਲ ਤੱਕ ਪਿਛਲੇ ਤਿੰਨ ਮਹੀਨਿਆਂ ਤੋਂ ਨਹਿਰੀ ਪਾਣੀ ਨਾ ਪੁੱਜਣ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਅਤੇ ਬਰਕੰਦੀ ਦੇ ਕਿਸਾਨ ਗੰਭੀਰ ਸੰਕਟ ਵਿਚ ਹਨ। ਝੋਨੇ ਦੀ ਫ਼ਸਲ ਦੇ ਅਹਿਮ ਦੌਰ ਵਿਚ ਪਾਣੀ ਦੀ ਘਾਟ ਨੇ ਖੇਤੀ ਨੂੰ ਪ੍ਰਭਾਵਿਤ ਕੀਤਾ ਹੈ, ਜਦਕਿ ਦੋਵੇਂ ਪਿੰਡਾਂ ਦੇ ਸਾਂਝੇ ਜਲ ਘਰ ਤੱਕ ਵੀ ਨਹਿਰੀ ਪਾਣੀ ਨਾ ਪੁੱਜਣ ਕਾਰਨ ਲੋਕ ਖਾਰੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ । ਕਿਸਾਨਾਂ ਨੇ ਦੱਸਿਆ ਕਿ ਕਿਤੇ ਪਾਣੀ ਦੀ ਪੂਰੀ ਬੰਦੀ ਹੈ ਤੇ ਕਿਤੇ ਨਿਗੂਣੀ ਸਪਲਾਈ ਮਿਲ ਰਹੀ ਹੈ। ਟੇਲ ’ਤੇ ਪੈਂਦੇ ਮੋਘੇ ਲਗਾਤਾਰ ਸੁੱਕੇ ਪਏ ਹਨ, ਜਿਸ ਕਾਰਨ ਉਹ ਟਿਊਬਵੈੱਲਾਂ ਰਾਹੀਂ ਸਿੰਚਾਈ ਕਰਨ ਲਈ ਮਜਬੂਰ ਹਨ । ਇਸ ਨਾਲ ਸਿੰਚਾਈ ਦੀ ਲਾਗਤ ਵਿਚ ਵੱਡਾ ਵਾਧਾ ਹੋਇਆ ਹੈ ਅਤੇ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਮੰਡੀਆਂ ਵਿੱਚ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ । ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਭੁੱਚੋ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਅਤੇ ਹਲਕਾ ਆਬਜ਼ਰਵਰ ਹਰਵਿੰਦਰ ਸਿੰਘ ਹਿੰਦਾ ਆਪਣੀ ਟੀਮ ਸਮੇਤ ਰਾਮਗੜ੍ਹ ਮਾਈਨਰ ਦੀ ਟੇਲ ’ਤੇ ਪੁੱਜੇ । ਡਾ. ਗੁਰੂ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਨਹਿਰ ਵਿਭਾਗ ਦੀ ਲਾਪਰਵਾਹੀ ਕਾਰਨ ਟੇਲ ਖੇਤਰ ਦੇ ਕਿਸਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਮੰਗ ਕੀਤੀ ਕਿ ਟੇਲ ਤੱਕ ਤੁਰੰਤ ਪੂਰਾ ਨਹਿਰੀ ਪਾਣੀ ਛੱਡਿਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ । ਉਧਰ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਬਹਾਲ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ । ਇਸ ਸਬੰਧੀ ਨਹਿਰ ਵਿਭਾਗ ਦੇ ਐਕਸੀਅਨ (ਫ਼ਰੀਦਕੋਟ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।

ਪਿਛਲੀ ਖ਼ਬਰ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਨਸ਼ੇ ਦੇ ਧੰਦੇ ਨਾਲ ਜੁੜੇ ਵਿਅਕਤੀ ਦੀ ਨਜਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।