28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪਰਚਾ ਦਰਜ ਕਰਨ ਦੇ ਇਵਜ਼ ਵਜੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣਾ ਤਲਵੰਡੀ ਸਾਬੋ ਦਾ ਏ.ਐਸ.ਆਈ. ਵਿਜੀਲੈਂਸ ਨੇ ਦਬੋਚਿਆ

ਅਜੀਤ ਡੈਸਕ 08-07-2026

ਤਲਵੰਡੀ ਸਾਬੋ, 7 ਜੁਲਾਈ (ਰਣਜੀਤ ਸਿੰਘ ਰਾਜੂ)-ਕਰੀਬ ਸਵਾ ਮਹੀਨਾ ਪਹਿਲਾਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਹੋਈ ਲੜਾਈ ਦੇ ਮਾਮਲੇ ’ਚ ਹੁਣ ਪਰਚਾ ਦਰਜ਼ ਕਰਨ ਦੇ ਇਵਜ਼ ਵਜੋਂ ਇੱਕ ਧਿਰ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣਾ ਤਲਵੰਡੀ ਸਾਬੋ ਦਾ ਇੱਕ ਏ.ਐਸ.ਆਈ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ਿਵਰਾਜ ਸਿੰਘ ਵਾਸੀ ਬੀੜ ਤਲਾਬ ਨੇ ਦੱਸਿਆ ਕਿ ਮੇਰੇ ਕੁੜਮਾਂ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ 28 ਮਈ ਨੂੰ ਜ਼ਮੀਨੀ ਵਿਵਾਦ ਤਹਿਤ ਇੱਕ ਲੜਾਈ ਹੋਈ ਸੀ ਜਿਸ ਵਿਚ ਸਾਡੇ ਤਿੰਨ ਬੰਦੇ ਜ਼ਖ਼ਮੀ ਹੋਏ। ਉਨ੍ਹਾਂ ਮੁਤਾਬਿਕ ਥਾਣਾ ਤਲਵੰਡੀ ਸਾਬੋ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਜ਼ਖ਼ਮੀਆਂ ਦੇ ਬਿਆਨ ਦਰਜ਼ ਕਰਨ ਦੇ ਬਾਵਜੂਦ ਵੀ ਦੂਜੀ ਧਿਰ ਖ਼ਿਲਾਫ਼ ਮਾਮਲਾ ਦਰਜ਼ ਨਾ ਕੀਤਾ, ਜਦੋਂਕਿ ਪਰਚਾ ਦਰਜ਼ ਕਰਵਾਉਣ ਲਈ ਉਹ ਵਾਰ ਵਾਰ ਉੱਚ ਅਧਿਕਾਰੀਆਂ ਤੇ ਸਿਆਸੀ ਲੋਕਾਂ ਨੂੰ ਵੀ ਮਿਲਦੇ ਰਹੇ। ਹੁਣ ਜਦੋਂ ਕਾਫੀ ਸਮਾਂ ਲੰਘ ਗਿਆ ਤਾਂ ਉਨ੍ਹਾਂ ਪਰਚਾ ਦਰਜ਼ ਕਰਨ ਲਈ ਜਾਂਚ ਅਧਿਕਾਰੀ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਪਰਚਾ ਦਰਜ਼ ਕਰਨ ਦੀ ਇਵਜ਼ ’ਚ ਉਸ ਨੇ ਸਾਥੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਤੇ ਸਾਡੀ ਗੱਲ 30 ਹਜ਼ਾਰ ਰੁਪਏ ’ਚ ਤੈਅ ਹੋ ਗਈ। ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਜੀਲੈਂਸ ਬਿਊਰੋ ਬਠਿੰਡਾ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ, ਜਿਨ੍ਹਾਂ ਨੇ ਜਾਲ ਵਿਛਾਇਆ ਤੇ ਅੱਜ ਜਦੋਂ ਏ.ਐਸ.ਆਈ ਬਲਜੀਤ ਸਿੰਘ ਨੇ ਥਾਣੇ ਦੇ ਬਾਹਰ ਚੌਂਕ ’ਚ ਗੱਡੀ ਖੜਾ ਕੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਇੱਕ ਕਿਸ਼ਤ ਤਹਿਤ 20 ਹਜ਼ਾਰ ਰੁਪਏ ਏ.ਐਸ.ਆਈ ਨੂੰ ਦੇ ਦਿੱਤੇ, ਜਿਸ ’ਤੇ ਹਰਕਤ ’ਚ ਆਉਂਦਿਆਂ ਵਿਜੀਲੈਂਸ ਬਿਊਰੋ ਨੇ ਏ.ਐਸ.ਆਈ ਨੂੰ 20 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉੱਧਰ ਗੱਲਬਾਤ ਦੌਰਾਨ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਏ.ਐਸ.ਆਈ ਬਲਜੀਤ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਤੇ ਉਸ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਉਕਤ ਏ.ਐਸ.ਆਈ ਨੇ ਆਉਣ ਵਾਲੇ ਦਿਨਾਂ ’ਚ ਨੌਕਰੀ ਤੋਂ ਸੇਵਾਮੁਕਤ ਹੋ ਜਾਣਾ ਸੀ।

ਪਿਛਲੀ ਖ਼ਬਰ ਨਸ਼ੇ ਦੀ ਰੋਕਥਾਮ ’ਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ- ਗੁਰਬਾਜ਼ ਸਿੰਘ ਸਿੱਧੂ ਅਗਲੀ ਖ਼ਬਰ ਸਾਬਕਾ ਮੰਤਰੀ ਹਰਮਿੰਦਰ ਜੱਸੀ ਵਲੋਂ ਵਾਰਡ ਵਾਈਜ਼ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।