03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ’ਤੇ ਅਕਾਲੀ ਦਲ (ਬ) ਕਾਬਜ਼, ਸਵਰਨ ਸਿੰਘ ਪੂਹਲੀ ਬਣੇ ਚੇਅਰਮੈਨ * ਜਸਕਰਨ ਕੌਰ ਬੱਲੂਆਣਾ ਬਣੇ ਉਪ-ਚੇਅਰਪਰਸਨ, ‘ਆਪ’ ਚੋਣ ਪ੍ਰਕਿਰਿਆ ਤੋਂ ਰਹੀ ਦੂਰ * ਸਾਢੇ 7 ਮਹੀਨਿਆਂ ਬਾਅਦ ਅਦਾਲਤ ਦੇ ਦਖ਼ਲ ਬਾਅਦ ਸੰਭਵ ਹੋ ਸਕੀ ਚੋਣ

ਅਜੀਤ ਡੈਸਕ 30-07-2026
ਬਠਿੰਡਾ, 29 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪੰਜਾਬ ਦੀ ਸਿਆਸਤ ’ਚ ਬਹੁਤ ਹੀ ਵਕਾਰੀ ਮੰਨੀ ਜਾਂਦੀ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ’ਤੇ ਪੂਰਨ ਬਹੁਮਤ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਬਜ਼ਾ ਕਰ ਲਿਆ ਹੈ, ਜਦਕਿ ਉੱਪ-ਚੇਅਰਮੈਨੀ ਵੀ ਬਾਦਲ ਦਲ ਦੇ ਹਿੱਸੇ ਹੀ ਆਈ ਹੈ। ਵੱਡੀ ਗੱਲ ਇਹ ਰਹੀ ਹੈ ਕਿ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਬਹੁਮਤ ਤੋਂ ਕਾਫੀ ਦੂਰ ਹੋਣ ਕਰਕੇ ਇਸ ਚੋਣ ਪ੍ਰਕਿਰਿਆ ਵਿਚ ਹਿੱਸਾ ਹੀ ਨਹੀਂ ਲਿਆ ਅਤੇ ਕਾਂਗਰਸ ਪਾਰਟੀ ਅਤੇ ਭਾਜਪਾ ਜ਼ਿਲ੍ਹਾ ਪ੍ਰੀਸ਼ਦ ਦੀ ਇਕ ਵੀ ਸੀਟ ਨਾ ਜਿੱਤਣ ਕਰਕੇ ਪਹਿਲਾਂ ਹੀ ਇਸ ਚੋਣ ‘ਤੋਂ ਬਾਹਰ ਹੋ ਚੁੱਕੀ ਸੀ। ਇਹ ਚੋਣ ਨਤੀਜੇ ਆਉਣ ਦੇ ਕਰੀਬ ਸਾਢੇ 7 ਮਹੀਨਿਆਂ ਦੇ ਲੰਬੇ ਸਮੇਂ ਬਾਅਦ ਪੰਜਾਬ-ਹਰਿਆਣਾ ਹਾਈਕੋਰਟ ਦੇ ਦਖ਼ਲ ਬਾਅਦ ਸੰਭਵ ਹੋ ਸਕੀ ਹੈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਵਰਨ ਸਿੰਘ ਪੂਹਲੀ ਨੂੰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਅਤੇ ਜਸਕਰਨ ਕੌਰ ਬੱਲੂਆਣਾ ਧਰਮਪਤਨੀ ਸਵ. ਜਥੇਦਾਰ ਜਗਸੀਰ ਸਿੰਘ ਬੱਲੂਆਣਾ ਨੂੰ ਉਪ-ਚੇਅਰਪਰਸਨ ਚੁਣਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਜਗਸੀਰ ਸਿੰਘ ਜੱਗਾ ਕਲਿਆਣ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸੁਸ਼ੀਲ ਕੁਮਾਰ ਗੋਲਡੀ, ਹਲਕਾ ਭੁੱਚੋ ਦੇ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਹਲਕਾ ਬਠਿੰਡਾ ਸ਼ਹਿਰੀ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਓ.ਐਸ.ਡੀ. ਗੁਰਚਰਨ ਸਿੰਘ, ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਅਤੇ ਹਰਿੰਦਰ ਸਿੰਘ ਹਿੰਦਾ ਮਹਿਰਾਜ ਦੀ ਅਗਵਾਈ ‘ਚ ਵਰਕਰਾਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਵਧਾਈ ਦਿੱਤੀ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮੌਕੇ ਜ਼ਿਲ੍ਹਾ ਬਠਿੰਡਾ ਦੇ ਕੁਲ 17 ਜ਼ੋਨਾਂ ‘ਚੋਂ 13 ਉੱਪਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਆਪ ਦੇ ਹਿੱਸੇ ਸਿਰਫ਼ 4 ਜੋਨ ਆਏ ਸਨ, ਜਿਸ ਲਈ ਨਤੀਜੇ ਮੌਕੇ ਸਾਫ਼ ਹੋ ਗਿਆ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਅਕਾਲੀ ਦਲ (ਬ) ਦੇ ਹਿੱਸੇ ਆਵੇਗੀ ਪਰ ਫੇਰ ਵੀ ਸੱਤਾਧਾਰੀ ਧਿਰ ਨੇ ਜਾਣਬੁੱਝ ਕੇ ਸਾਢੇ 7 ਮਹੀਨੇ ਚੇਅਰਮੈਨ ਦੀ ਚੋਣ ਨਹੀਂ ਹੋਣ ਦਿੱਤੀ, ਜਿਸ ਦੇ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਤੇ ਅੱਜ ਹਾਈਕੋਰਟ ਦੇ ਹੁਕਮਾਂ ਅਨੁਸਾਰ ਨਿਯੁਕਤ ਕੀਤੇ ਚੋਣ ਅਬਜ਼ਰਵਰ ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੋਣ ਸੰਭਵ ਹੋ ਸਕੀ ਹੈ ਤੇ ਇਸ ਜਿੱਤ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ।ਨਵ-ਨਿਯੁਕਤ ਚੇਅਰਮੈਨ ਸਵਰਨ ਸਿੰਘ ਪੂਹਲੀ ਅਤੇ ਉਪ-ਚੇਅਰਪਰਸਨ ਜਸਕਰਨ ਕੌਰ ਬੱਲੂਆਣਾ ਨੇ ਪਾਰਟੀ ਹਾਈਕਮਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੁਖਬੀਰ ਜੱਸੀ ਪੌ ਵਾਲੀ, ਡਾ. ਓਮ ਪ੍ਰਕਾਸ਼ ਸ਼ਰਮਾ, ਅਮਰਜੀਤ ਜੰਡਾਂਵਾਲਾ, ਗਰਦੌਰ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਗੁਰੂਸਰ ਸੈਣੇਵਾਲਾ ਤੇ ਗੁਰਜਿੰਦਰ ਸਿੱਧੂ ਭਾਈਕਾ, ਸੁਖਵਿੰਦਰ ਕੌਰ, ਬਲਜੀਤ ਕੌਰ, ਹਰਜੀਤ ਕਾਲਝਰਾਣੀ, ਕੁਲਦੀਪ ਵੜਿੰਗ ਦਿਓੁਣ, ਟਹਿਲ ਸਿੰਘ ਬੱਲੂਆਣਾ, ਇਕਬਾਲਜੀਤ ਕਾਲੂ ਪੂਹਲੀ, ਚਰਨਜੀਤ ਢੇਲਵਾਂ, ਗੁਰਤੇਜ ਭੇਜੀ, ਰਾਜਾ ਕੋਠੇ ਇੰਦਰ, ਅੰਗਰੇਜ਼ ਦਿਓੁਣ, ਪ੍ਰੀਤਮ ਖਿਆਲੀਵਾਲਾ, ਬਲਕਰਨ ਬੱਬੂ ਦਿਓੁਣ, ਸੁਖਰਾਜ ਰਾਜੀ ਮਹਿਮਾ, ਗੁਰਤੇਜ ਔਲਖ, ਹਰਭਜਨ ਮਾਈਸਰਖਾਨਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ, ਜਿੰਨਾਂ ਵਲੋਂ ਢੋਲ ‘ਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ।
ਪਿਛਲੀ ਖ਼ਬਰ ਭਾਜਪਾਈਆਂ ’ਚ ਨਵੀਂ ਰੂਹ ਦਾ ਸੰਚਾਰ ਕਰ ਗਈ ਕੇਵਲ ਢਿੱਲੋਂ ਦੀ ਫੇਰੀ ਗੁਣੀ ਪਰਿਵਾਰ ਦੀ ਸ਼ਮੂਲੀਅਤ ਫ਼ਾਇਦੇਮੰਦ ਹੋਵੇਗੀ ਅਗਲੀ ਖ਼ਬਰ 10 ਤੋਂ 19 ਸਾਲ ਤੱਕ ਦੇ ਵਿਦਿਆਰਥੀਆਂ ਦੇ ਖ਼ੂਨ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।