ਭਗਤਾ ਭਾਰੀਕਾ, 29 ਜੁਲਾਈ (ਸੁਖਪਾਲ ਸਿੰਘ ਸੋਨੀ)-ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਹਲਕਾ ਰਾਮਪੁਰਾ ਫੂਲ ਵਿਚ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸੇ ਤਹਿਤ ਪਿੰਡ ਗੁੰਮਟੀ ਕਲਾਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਕਰੀਬ ਤਿੰਨ ਦਰਜਨ ਪਰਿਵਾਰਾਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ‘ਆਪ’ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ। ਸਰਪੰਚ ਕੁਲਜਿੰਦਰ ਸਿੰਘ ਰਵੀ ਅਨੁਸਾਰ ‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਲਖਵੀਰ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਰਵਿੰਦਰ ਸਿੰਘ (ਮੀਤ ਪ੍ਰਧਾਨ, ਯੂਥ ਵਿੰਗ ਸ਼੍ਰੋ:ਅ:ਦਲ), ਨਿਰਮਲ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ, ਸ਼੍ਰੋਮਣੀ ਅਕਾਲੀ ਦਲ), ਗੁਰਮੇਲ ਸਿੰਘ ਧਾਲੀਵਾਲ, ਅਜੈਬ ਸਿੰਘ (ਮੌਜੂਦਾ ਪੰਚਾਇਤ ਮੈਂਬਰ) ਅਤੇ ਗੁਰਲਾਲ ਸਿੰਘ (ਮੌਜੂਦਾ ਪੰਚਾਇਤ ਮੈਂਬਰ) ਸਮੇਤ ਵੱਡੀ ਗਿਣਤੀ ਵਿਚ ਪਰਿਵਾਰ ਸ਼ਾਮਲ ਸਨ, ਜਿਨ੍ਹਾਂ ਦਾ ਹਲਕਾ ਵਿਧਾਇਕ ਬਲਕਾਰ ਸਿੱਧੂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ, ਪੀਣ ਵਾਲੇ ਪਾਣੀ, ਸੜਕਾਂ, ਖੇਡਾਂ ਅਤੇ ਪਿੰਡਾਂ ਦੇ ਸਰਵਪੱਖੀਵਿਕਾਸ ਲਈ ਇਤਿਹਾਸਕ ਫ਼ੈਸਲੇ ਲਏ ਹਨ। ਇਸ ਮੌਕੇ ਕੁਲਜਿੰਦਰ ਸਿੰਘ ਰਵੀ ਸਰਪੰਚ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ, ਲੋਕਾਂ ਨਾਲ ਅਪਣੱਤ ਭਰਿਆ ਵਿਹਾਰ ਅਤੇ ਹਰ ਵਰਗ ਲਈ ਬਿਨ੍ਹਾਂ ਭੇਦਭਾਵ ਕੀਤੇ ਕੀਤੇ ਜਾ ਰਹੇ ਕੰਮਾਂ ਸਦਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ।