ਬਠਿੰਡਾ, 31 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਆਧਾਰ ਕਾਰਡ ਨਾਲ ਸਬੰਧਿਤ ਸੇਵਾਵਾਂ ਸੁਵਿਧਾਜਨਕ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਆਧਾਰ ਸੇਵਾ ਕੇਂਦਰ ਐਸ. ਸੀ. ਐਫ-21, ਗਰਾਊਂਡ ਫਲੋਰ ਪੁੱਡਾ ਕੰਪਲੈਕਸ 100 ਫੁੱਟੀ ਰੋਡ, ਬਠਿੰਡਾ ਵਿਖੇ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀ.ਐਲ.ਐਸ. ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ ਵੱਲੋਂ ਸ਼ੁਰੂ ਕੀਤਾ ਗਿਆ ਹੈ । ਇਸ ਦਾ ਉਦਘਟਾਨ ਕਰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਭਿਨਵ ਗੋਇਲ ਨੇ ਦੱਸਿਆ ਕਿ ਇਹ ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਸੱਤ ਦਿਨ ਖੁੱਲ੍ਹਾ ਰਹੇਗਾ, ਜਿੱਥੇ ਨਵਾਂ ਆਧਾਰ ਬਣਾਉਣ, ਬਾਇਓਮੈਟ੍ਰਿਕ ਅਤੇ ਡੈਮੋਗ੍ਰਾਫਿਕ ਅਪਡੇਟ, ਆਧਾਰ ਡਾਊਨਲੋਡ ਅਤੇ ਰੰਗੀਨ ਪ੍ਰਿੰਟ ਸਮੇਤ ਵੱਖ-ਵੱਖ ਸੇਵਾਵਾਂ ਸਰਕਾਰ ਵਲੋਂ ਨਿਰਧਾਰਿਤ ਫੀਸ ਅਨੁਸਾਰ ਉਪਲਬਧ ਹੋਣਗੀਆਂ। ਕੇਂਦਰ ਵਿਚ ਆਧੁਨਿਕ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਬਠਿੰਡਾ ਅਤੇ ਨੇੜਲੇ ਇਲਾਕਿਆਂ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਧਾਰ ਨਾਲ ਸਬੰਧਿਤ ਸੇਵਾਵਾਂ ਲਈ ਇਸ ਕੇਂਦਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋੜ ਪੈਣ ’ਤੇ ਪਹਿਲਾਂ ਤੋਂ ਆਨਲਾਈਨ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਫ.ਐੱਸ. ਸੀ. ਗੁਰਤਾਰ ਸਿੰਘ, ਡੀ.ਐੱਫ.ਐੱਸ.ਓ. ਹਰਸ਼ਿਤ ਮਹਿਤਾ ਅਤੇ ਹੋਰ ਅਧਿਕਾਰੀ ਆਦਿ ਹਾਜ਼ਰ ਸਨ ।