ਤਲਵੰਡੀ ਸਾਬੋ, 6 ਅਗਸਤ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਉੱਪ ਮੰਡਲ ਅਧੀਨ ਆਉਂਦੇ ਪਿੰਡ ਮਲਕਾਣਾ ਦੇ ਨੌਜਵਾਨ ਦੀ ਇਕ ਸੜਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋ ਜਾਣ ਉਪਰੰਤ ਹਸਪਤਾਲ ਚ ਮੌਤ ਹੋ ਜਾਣ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੇ ਮਾਮਲੇ ‘ਚ ਪੁਲਿਸ ’ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਮ੍ਰਿਤਕ ਦੇ ਵਾਰਿਸਾਂ ਤੇ ਉਸ ਦੇ ਭਾਈਚਾਰੇ ਦੇ ਵੱਡੀ ਗਿਣਤੀ ਲੋਕਾਂ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਨਿਸ਼ਾਨ ਏ ਖ਼ਾਲਸਾ ਚੌਂਕ ਚ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾਉਂਦਿਆਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਵਾਰਿਸਾਂ ਚੋਂ ਇੱਕ ਬਲਵੀਰ ਸਿੰਘ ਨੇ ਦੱਸਿਆ ਕਿ 4 ਅਗਸਤ ਸ਼ਾਮ ਨੂੰ ਜਗਦੀਪ ਸਿੰਘ (29) ਜੋ ਮਿਸਤਰੀ ਦਾ ਕੰਮ ਕਰਦਾ ਸੀ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ ਤੇ ਜੱਜਲ ਪਿੰਡ ਤੋਂ ਮਲਕਾਣਾ ਵੱਲ ਆ ਰਿਹਾ ਸੀ ਕਿ ਉਨ੍ਹਾਂ ਦਾ ਤੇਜ਼ ਰਫ਼ਤਾਰ ਕਾਰ ਨਾਲ ਹਾਦਸਾ ਵਾਪਰ ਗਿਆ। ਕਾਰ ਚਾਲਕ ਜੋ ਪਿੰਡ ਮਲਕਾਣਾ ਦਾ ਹੀ ਇਕ ਨਾਬਾਲਿਗ ਨੌਜਵਾਨ ਹੈ ਨੇ ਹਾਦਸੇ ਤੋਂ ਬਾਅਦ ਗੱਡੀ ਭਜਾਉਣ ਦੀ ਕੋਸ਼ਿਸ਼ ਚ ਜਗਦੀਪ ਸਿੰਘ ਨੂੰ ਦਰੜ ਦਿੱਤਾ ਜਦੋਂਕਿ ਇਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਚ ਜਗਦੀਪ ਸਿੰਘ ਦਮ ਤੋੜ ਗਿਆ ਜਦੋਂਕਿ ਦੂਜਾ ਸਾਥੀ ਬਠਿੰਡਾ ਹਸਪਤਾਲ ‘ਚ ਜੇਰੇ ਇਲਾਜ ਹੈ ਪਰ ਸਿਤਮ ਇਹ ਕਿ ਥਾਣਾ ਰਾਮਾਂ ਮੰਡੀ ਪੁਲਿਸ ਨੇ ਮਾਮਲੇ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ਜਿਸ ਦੇ ਚੱਲਦਿਆਂ ਕਥਿਤ ਦੋਸ਼ੀ ਕਾਰ ਚਾਲਕ ਦੇ ਘਰ ਵਾਲੇ ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਬਿਨਾਂ ਕਿਸੇ ਕਾਗ਼ਜ਼ੀ ਕਾਰਵਾਈ ਦੇ ਹਾਦਸਾਗ੍ਰਸਤ ਕਾਰ ਆਪਣੇ ਘਰ ਲੈ ਗਏ। ਉਨ੍ਹਾਂ ਮੁਤਾਬਿਕ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਧਰਨੇ ‘ਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੁਲਦੀਪ ਸਿੰਘ ਗੋਸਲ ਨੇ ਵੀ ਸ਼ਮੂਲੀਅਤ ਕੀਤੀ।ਉੱਧਰ ਨਗਰ ਦੇ ਮੁੱਖ ਚੌਂਕ ਚ ਸੜਕਾਂ ਜਾਮ ਕਰਕੇ ਲਗਾਏ ਧਰਨੇ ਕਾਰਣ ਆਵਾਜਾਈ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ। ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਅਮਰੀਕ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਇੱਕ ਪਾਸੇ ਦੀ ਸੜਕੀ ਆਵਾਜਾਈ ਬਹਾਲ ਕਰਵਾਈ। ਉੱਧਰ ਕਾਰ ਚਾਲਕ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜੇ ਪ੍ਰਦਰਸ਼ਨਕਾਰੀਆਂ ਨੂੰ ਜਦੋਂ ਪੁਲਿਸ ਅਧਿਕਾਰੀਆਂ ਨੇ ਸ਼ਾਮ ਨੂੰ ਕਾਰ ਚਲਾਕ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਤਾਂ ਧਰਨਾ ਚੁੱਕਣ ‘ਤੇ ਬਣੀ ਸਹਿਮਤੀ ਉਦੋਂ ਫਿਰ ਟੁੱਟ ਗਈ ਜਦੋਂ ਧਰਨਾਕਾਰੀਆਂ ਨੇ ਜ਼ਖ਼ਮੀ ਨੌਜਵਾਨ ਦੇ ਮੁਫ਼ਤ ਇਲਾਜ ਦੀ ਮੰਗ ਰੱਖ ਦਿੱਤੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਲਗਾਇਆ ਧਰਨਾ
ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਲਗਾਇਆ ਧਰਨਾ
ਅਜੀਤ ਡੈਸਕ
07-08-2026