ਟਰਾਂਸਫ਼ਾਰਮਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਚੋਰੀ ਦੇ 80 ਲੀਟਰ ਤੇਲ ਸਮੇਤ ਇੱਕ ਕਾਬੂ , ਤਿੰਨ ਫ਼ਰਾਰ
ਸੰਗਤ ਮੰਡੀ, 16 ਅਗਸਤ (ਅੰਮ੍ਰਿਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ-ਡੱਬਵਾਲੀ ਮੁੱਖ ‘ਤੇ ਸੁਰੱਖਿਆ ਲਈ ਲਗਾਈਆਂ ਸਟਰੀਟ ਲਾਈਟਾਂ ਦੇ ਟਰਾਂਸਫ਼ਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ 80 ਲੀਟਰ ਚੋਰੀ ਦੇ ਟਰਾਂਸਫ਼ਾਰਮਰ ਤੇਲ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਗਿਰੋਹ ਦੇ ਤਿੰਨ ਹੋਰ ਮੈਂਬਰ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।
ਆ
ਆਰੋਪੀ ਤੇਲ ਚੋਰੀ ਗਿਰੋਹ ਦੇ ਮੈਂਬਰ ਮੈਂਬਰ ਨਾਲ ਪੁਲਿਸ ਪਾਰਟੀ। ਤਸਵੀਰ: ਅੰਮ੍ਰਿਤਪਾਲ ਸ਼ਰਮਾ
17-08-2026
ਸੰਗਤ ਮੰਡੀ, 16 ਅਗਸਤ (ਅੰਮ੍ਰਿਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ-ਡੱਬਵਾਲੀ ਮੁੱਖ ‘ਤੇ ਸੁਰੱਖਿਆ ਲਈ ਲਗਾਈਆਂ ਸਟਰੀਟ ਲਾਈਟਾਂ ਦੇ ਟਰਾਂਸਫ਼ਾਰਮਰਾਂ ‘ਚੋਂ ਤੇਲ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਮੁਲਜ਼ਮ ਨੂੰ 80 ਲੀਟਰ ਚੋਰੀ ਦੇ ਟਰਾਂਸਫ਼ਾਰਮਰ ਤੇਲ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਗਿਰੋਹ ਦੇ ਤਿੰਨ ਹੋਰ ਮੈਂਬਰ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੀਗਲ ਇੰਡੀਆ ਲਿਮਟਿਡ ਦੇ ਸੇਫ਼ਟੀ ਸੁਪਰਵਾਈਜ਼ਰ ਵਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜ਼ਿਲ੍ਹਾ ਸੋਨੀਪਤ (ਹਰਿਆਣਾ) ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 14 ਸਾਲਾਂ ਤੋਂ ਕੰਪਨੀ ਵਿਚ ਸੇਵਾਵਾਂ ਨਿਭਾ ਰਿਹਾ ਹੈ ਅਤੇ ਉਸ ਦੀ ਜੋਧਪੁਰ ਰੋਮਾਣਾ ਤੋਂ ਪਥਰਾਲਾ ਤੱਕ ਬਣ ਰਹੇ ਨੈਸ਼ਨਲ ਹਾਈਵੇਅ ‘ਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਹਾਈਵੇਅ ‘ਤੇ ਲੱਗੀਆਂ ਸੈਂਕੜੇ ਸਟਰੀਟ ਲਾਈਟਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਲਗਾਤਾਰ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਜਿਸ ਕਾਰਨ ਲਾਈਟਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਸੀ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਹੋ ਰਿਹਾ ਸੀ। ਪੁਲਿਸ ਨੇ ਜਾਂਚ ਉਪਰੰਤ ਚਾਰ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ, ਮਿੰਟੂ ਢਾਬੇ ਵਾਲਾ ਵਾਸੀ ਅਮਰਪੁਰਾ ਬਸਤੀ, ਕਰਨ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਮੁਲਤਾਨੀਆਂ ਰੋਡ, ਸੇਵਕ ਸਿੰਘ ਅਤੇ ਵਿੱਕੀ ਸਿੰਘ ਉਰਫ਼ ਟਿੰਡੂ ਵਾਸੀ ਬੰਗੀ ਨਗਰ ਵਿਰੁੱਧ ਥਾਣਾ ਸੰਗਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਰਨ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 80 ਲੀਟਰ ਟਰਾਂਸਫ਼ਾਰਮਰ ਚੋਰੀ ਦਾ ਤੇਲ ਬਰਾਮਦ ਕੀਤਾ। ਮੁੱਢਲੀ ਪੁੱਛਗਿੱਛ ਦੌਰਾਨ ਗਿਰੋਹ ਵੱਲੋਂ ਹਾਈਵੇਅ ਦੇ ਵੱਖ-ਵੱਖ ਟਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਅਹਿਮ ਜਾਣਕਾਰੀਆਂ ਵੀ ਮਿਲੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਜਿਹੇ ਅਪਰਾਧਿਕ ਗਿਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਇਸ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।