25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰੇਲਵੇ ਵਿਭਾਗ ਦੀ ਲਾਪ੍ਰਵਾਹੀ ਕਾਰਨ ਬੰਦ ਹੋਣ ਕਿਨਾਰੇ ਹੈ ਬਹਿਮਣ ਦੀਵਾਨਾ ਦਾ ਰੇਲਵੇ ਸਟੇਸ਼ਨ

ਬੱਲੂਆਣਾ, 24 ਅਗਸਤ (ਗੁਰਨੈਬ ਸਾਜਨ)-ਬਠਿੰਡਾ ਤੋਂ ਸ੍ਰੀ ਗੰਗਾਨਗਰ ਤੇ ਫਾਜ਼ਿਲਕਾ ਨੂੰ ਜਾਣ ਵਾਲੇ ਮੁਸਾਫਿਰਾਂ ਲਈ ਬਹਿਮਣ ਦੀਵਾਨਾ ਦਾ ਰੇਲਵੇ ਸਟੇਸ਼ਨ 70 ਸਾਲ ਪੁਰਾਣਾ ਬਹਿਮਣ ਦੀਵਾਨਾ ਦੇ ਬਜ਼ੁਰਗਾਂ ਦੀ ਦੇਣ ਹੈ। ਪੁਰਾਣੇ ਸਮਿਆਂ ’ਚ ਬਹਿਮਣ ਦੀਵਾਨਾ ਦੇ ਰੇਲਵੇ ਸਟੇਸ਼ਨ ਤੋਂ ਆਸ ਪਾਸ ਦੇ ਪਿੰਡ ਬੁਲਾਡੇ ਵਾਲਾ, ਦਿਉਣ, ਸਿਵੀਆਂ ਅਤੇ ਬੀੜ ਬਹਿਮਣ ਦੇ ਮਸਾਫ਼ਿਰ ਸ੍ਰੀ ਗੰਗਾਨਗਰ, ਫਾਜ਼ਿਲਕਾ, ਬਠਿੰਡਾ ਜਾਣ ਲਈ ਇੱਥੋਂ ਹੀ ਗੱਡੀ ’ਤੇ ਸਫ਼ਰ ਕਰਦੇ ਹਨ।

ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਦੀ ਪੰਚਾਇਤ ਜਾਣਕਾਰੀ ਦਿੰਦੀ ਹੋਈ ਅਤੇ ਪਿੱਛੇ ਲੱਗੇ ਬੋਰਡ ’ਤੇ ਪਿੰਡ ਦਾ ਨਾਂਅ ‘ਬਹਿਮਣ ਦੀਵਾਨਾ’ ਦੀ ਥਾਂ ‘ਬਹਸਨ ਦਿਵਾਨਾ’ ਲਿਖਿਆ ਵਿਖਾਈ ਦੇ ਰਿਹਾ ਹੈ। ਤਸਵੀਰ: ਗੁਰਨੈਬ ਸਾਜਨ 25-08-2026
ਬੱਲੂਆਣਾ, 24 ਅਗਸਤ (ਗੁਰਨੈਬ ਸਾਜਨ)-ਬਠਿੰਡਾ ਤੋਂ ਸ੍ਰੀ ਗੰਗਾਨਗਰ ਤੇ ਫਾਜ਼ਿਲਕਾ ਨੂੰ ਜਾਣ ਵਾਲੇ ਮੁਸਾਫਿਰਾਂ ਲਈ ਬਹਿਮਣ ਦੀਵਾਨਾ ਦਾ ਰੇਲਵੇ ਸਟੇਸ਼ਨ 70 ਸਾਲ ਪੁਰਾਣਾ ਬਹਿਮਣ ਦੀਵਾਨਾ ਦੇ ਬਜ਼ੁਰਗਾਂ ਦੀ ਦੇਣ ਹੈ। ਪੁਰਾਣੇ ਸਮਿਆਂ ’ਚ ਬਹਿਮਣ ਦੀਵਾਨਾ ਦੇ ਰੇਲਵੇ ਸਟੇਸ਼ਨ ਤੋਂ ਆਸ ਪਾਸ ਦੇ ਪਿੰਡ ਬੁਲਾਡੇ ਵਾਲਾ, ਦਿਉਣ, ਸਿਵੀਆਂ ਅਤੇ ਬੀੜ ਬਹਿਮਣ ਦੇ ਮਸਾਫ਼ਿਰ ਸ੍ਰੀ ਗੰਗਾਨਗਰ, ਫਾਜ਼ਿਲਕਾ, ਬਠਿੰਡਾ ਜਾਣ ਲਈ ਇੱਥੋਂ ਹੀ ਗੱਡੀ ’ਤੇ ਸਫ਼ਰ ਕਰਦੇ ਹਨ। ਸਮਾਂ ਬਦਲਿਆ ਘਰ ਘਰ ਦੋ ਪਹੀਆ, ਚਾਰ ਪਹੀਆ ਵਾਹਨ ਹੋ ਗਏ ਤਾਂ ਲੋਕ ਇਨ੍ਹਾਂ ਸ਼ਹਿਰਾਂ ਵਿਚ ਜਾਣ ਲਈ ਆਪਣੇ ਨਿੱਜੀ ਵਾਹਨਾਂ ਜਾਂ ਬੱਸਾਂ ’ਤੇ ਜਾਣ ਨੂੰ ਤਰਜੀਹ ਦੇਣ ਲੱਗ ਪਏ। ਜਿਸ ਕਰਕੇ ਬਹਿਮਣ ਦੀਵਾਨਾ ਦਾ ਰੇਲਵੇ ਸਟੇਸ਼ਨ ਵੀਰਾਨ ਹੋ ਗਿਆ ਹੈ। ਰੇਲਵੇ ਸਟੇਸ਼ਨ ’ਤੇ ਗੱਡੀਆਂ ਰੁਕਣੋ ਬੰਦ ਨਾ ਹੋਣ, ਇਸ ਲਈ ਪਿੰਡ ਦੀ ਮੌਜੂਦਾ ਪੰਚਾਇਤ ਨੇ ਪਿੰਡ ਦੇ ਰਘੁਵੀਰ ਸਿੰਘ ਦੇ ਪੁੱਤਰ ਨੂੰ ਟਿਕਟਾਂ ਕੱਟਣ ਲਈ ਪੰਜ ਸਾਲ ਦਾ ਠੇਕਾ ਦਿਵਾ ਦਿੱਤਾ। ਉਨ੍ਹਾਂ ਨੇ ਪੰਜ ਸਾਲ ਰੇਲਵੇ ਵਿਭਾਗ ਤੋਂ ਠੇਕੇ ਤੇ ਟਿਕਟਾਂ ਵੇਚਣ ਲਈ ਇਜਾਜ਼ਤ ਲਈ ਪਰ ਮੁਸਾਫ਼ਿਰਾਂ ਦੀ ਗਿਣਤੀ ਘੱਟਣ ਲੱਗ ਪਈ, ਰੇਲਵੇ ਸਟੇਸ਼ਨ ਤੇ ਨਾ ਤਾਂ ਪੀਣ ਯੋਗ ਪਾਣੀ ਨਾਂ ਬਾਥਰੂਮ, ਲੈਟਰੀਨ ਦੀ ਸਹੂਲਤ, ਨਾ ਸਫ਼ਾਈ ਦਾ ਪੁਖਤਾ ਪ੍ਰਬੰਧ ਹੈ। ਮਜ਼ਬੂਰਨ ਪੀਣ ਵਾਲਾ ਪਾਣੀ ਵੀ ਮੁਸਾਫ਼ਿਰ ਆਪਣੇ ਘਰਾਂ ਤੋਂ ਲੈ ਕੇ ਆਉਂਦੇ ਹਨ, ਔਰਤਾਂ ਨੂੰ ਬਾਥਰੂਮ ਦੀ ਹਾਲਤ ਖਸਤਾਹਾਲ ਹੋਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂਕਿ ਰੇਲਵੇ ਸਟੇਸ਼ਨ ਤੇ ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਬਿੰਦੀ ਵਾਲੀਆ ਨੇ ਦੱਸਿਆ ਕਿ ਇਹ ਰੇਲਵੇ ਸਟੇਸ਼ਨ 70 ਸਾਲ ਪੁਰਾਣਾ ਹੈ। ਹਰ ਰੋਜ਼ ਇਸ ਰੇਲਵੇ ਲਾਈਨ ਤੋਂ 35 ਰੇਲ ਗੱਡੀਆਂ ਗੁਜ਼ਰਦੀਆਂ ਹਨ। ਜਿੰਨ੍ਹਾਂ ਵਿਚੋਂ ਚਾਰ ਰੇਲ ਗੱਡੀਆਂ ਪੈਸੰਜਰ ਇੱਥੇ ਰੁਕਦੀਆਂ ਹਨ। ਪਰ ਰੇਲਵੇ ਵਿਭਾਗ ਨੇ ਠੇਕੇ ਤੇ ਦਿੱਤਾ ਹੋਣ ਕਾਰਨ ਕੋਈ ਵੀ ਪੀਣ ਵਾਲੇ ਪਾਣੀ ਜਾਂ ਸਫ਼ਾਈ ਦਾ ਪ੍ਰਬੰਧ ਨਹੀਂ। ਚਾਰ ਚੁਫੇਰੇ ਸਰਕੜਾ ਕਾਂਗਰਸ ਘਾਹ ਉੱਗਿਆ ਹੋਇਆ ਹੈ। ਦੂਜੇ ਪਾਸੇ ਰੇਲਵੇ ਸਟੇਸ਼ਨ ਤੇ ਜੋ ਪਿੰਡ ਦੇ ਰੇਲਵੇ ਸਟੇਸ਼ਨ ਨੂੰ ਦਰਸਾਉਂਦਾ ਬੋਰਡ ਲਗਾਇਆ ਹੋਇਆ ਹੈ, ਉਹ ਵੀ ਕਿਤੇ ਬਹਿਮਣ ਦੀ ਥਾਂ ਬਹਮਨ ਕਿਤੇ ਬਹਸਨ ਦੀਵਾਨਾ ਲਿਖਿਆ ਗਿਆ ਹੈ, ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਆਪਣੇ ਘਰ ਵਿਚ ਹੀ ਪਰਾਈ ਕਰ ਦਿੱਤੀ ਹੈ। ਪਹਿਲਾਂ ਇਸ ਪਾਸੇ ਸਾਡਾ ਧਿਆਨ ਨਹੀਂ ਗਿਆ ਸੀ ਪਰ ਅਗਲੇ ਦਿਨਾਂ ਵਿਚ ਅਸੀਂ ਰੇਲਵੇ ਵਿਭਾਗ ਨੂੰ ਪਿੰਡ ਦੇ ਬੋਰਡਾਂ ਤੇ ਪਿੰਡ ਦਾ ਸਹੀ ਨਾਮ ਲਿਖਣ ਲਈ ਦਰਖਾਸਤ ਭੇਜਾਂਗੇ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਸ੍ਰੀ ਗੰਗਾਨਗਰ ਜਾਣ ਲਈ ਗਿੱਦੜਬਾਹਾ ਤੱਕ ਚਾਰ ਰੇਲਵੇ ਸਟੇਸ਼ਨ ਹਨ। ਜਿੰਨ੍ਹਾਂ ਵਿਚੋਂ ਬੱਲੂਆਣਾ ਤੇ ਬਹਿਮਣ ਦੀਵਾਨਾ ਹੀ ਗੱਡੀਆਂ ਰੁਕਦੀਆਂ ਹਨ। ਇਸ ਸਬੰਧੀ ਗੋਰਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ ਨੇ ਦੱਸਿਆ ਕਿ ਕਿਸੇ ਸਮੇਂ ਇਸ ਰੇਲਵੇ ਸਟੇਸ਼ਨ ’ਤੇ ਰੌਣਕਾਂ ਰਹਿੰਦੀਆਂ ਸਨ। ਪਰ ਅੱਜ ਚਾਰੇ ਪਾਸੇ ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਨ ਵੀਰਾਨੀ ਛਾਈ ਹੋਈ ਹੈ। ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲਵੇ ਕਰਮਚਾਰੀਆਂ ਦੇ 12 ਕੁਆਰਟਰ ਹਨ, ਅੱਜ ਕੱਲ੍ਹ ਖੰਡਰ ਹੋ ਚੁੱਕੇ ਹਨ ਤੇ ਜਿੰਨ੍ਹਾਂ ਵਿਚ ਨਸ਼ੇੜੀ ਨਸ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁਆਰਟਰਾਂ ਨੇੜਿਉਂ ਕੋਈ ਵੀ ਵਿਅਕਤੀ ਡਰਦਾ ਮਾਰਾ ਲੰਘਦਾ ਤੱਕ ਨਹੀਂ ਹੈ। ਕਿਉਂਕਿ ਨਸ਼ੇੜੀਆਂ ਨੇ ਕੁਆਰਟਰਾਂ ਦੇ ਜਿੰਦਰੇ ਤੇ ਲੋਹੇ ਦੇ ਗੇਟ ਤੋੜਕੇ ਨਸ਼ੇ ਕਰਨ ਲਈ ਅੱਡੇ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਪੁਲਿਸ ਥਾਣਾ ਸਦਰ ਬਠਿੰਡਾ ਦੇ ਮੁਖੀ ਨੂੰ ਵੀ ਬੇਨਤੀ ਕੀਤੀ ਹੈ ਕਿ ਇਨ੍ਹਾਂ ਕੁਆਰਟਰਾਂ ਵਿਚ ਰੇਡ ਕੀਤੀ ਜਾਵੇ ਤਾਂ ਕਿ ਨਸ਼ਾ ਕਰਨ ਵਾਲੇ ਵਿਅਕਤੀ ਦੁਬਾਰਾ ਇਧਰ ਨਾ ਆਉਣ। ਰੇਲਵੇ ਸਟੇਸ਼ਨ ’ਤੇ ਟਿਕਟਾਂ ਠੇਕੇ ਤੇ ਕੱਟਣ ਵਾਲੇ ਵਿਅਕਤੀ ਰਘਵੀਰ ਸਿੰਘ ਨੇ ਦੱਸਿਆ ਕਿ ਉਸਨੂੰ ਮਹੀਨੇ ਦਾ ਮਹਿਜ਼ 800 ਤੋਂ 900 ਹੀ ਟਿਕਟਾਂ ਦਾ ਕਮਿਸ਼ਨ ਬਣਦਾ ਹੈ, ਜਦੋਂਕਿ ਉਹ ਦੋਨੇ ਪਿਓ ਪੁੱਤ ਹਰ ਰੋਜ ਸਟੇਸ਼ਨ ’ਤੇ ਬੈਠ ਕੇ ਟਿਕਟਾਂ ਕੱਟਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਨੇ ਤਾਂ ਉਨ੍ਹਾਂ ਨੂੰ ਟਿਕਟਾਂ ਲਿਆਉਣ ਲਈ ਵੀ ਕਈ ਵਾਰ ਸਹਿਯੋਗ ਦਿੱਤਾ ਹੈ ਪਰ ਮੁਸਾਫ਼ਿਰ ਬਿਨ੍ਹਾਂ ਟਿਕਟ ਤੋਂ ਵੀ ਸਫਰ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮੁਸਾਫ਼ਿਰ ਬੱਸਾਂ ਦਾ ਸਫ਼ਰ ਕਰਨ ਦੀ ਬਜਾਏ ਰੇਲ ਦਾ ਸਫ਼ਰ ਕਰਨ। ਵੈਸੇ ਵੀ ਜੇਕਰ ਕਿਸੇ ਮੁਸਾਫ਼ਿਰ ਨੇ ਰੇਲ ਗੱਡੀ ’ਤੇ ਸ੍ਰੀ ਗੰਗਾਨਗਰ ਜਾਣਾ ਹੋਵੇ ਤਾਂ 30 ਰੁਪਏ ਹੀ ਇਕ ਪਾਸੇ ਦਾ ਕਿਰਾਇਆ ਬਣਦਾ ਹੈ, ਜਦੋਂਕਿ ਬੱਸ ’ਤੇ 200 ਰੁਪਏ ਕਿਰਾਇਆ ਬਣਦਾ ਹੈ।
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਬਠਿੰਡਾ ਦੇ ਐੱਮ.ਕਾਮ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਸ਼ਾਨਦਾਰ ਨਤੀਜੇ ਅਗਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।