21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਠਿੰਡਾ ’ ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਬਠਿੰਡਾ, 20 ਅਕਤੂਬਰ (ਵੀਰਪਾਲ ਸਿੰਘ)- ਦੁਸਹਿਰੇ ਦਾ ਤਿਉਹਾਰ ਬਠਿੰਡਾ ਸ਼ਹਿਰ ਵਿਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੱਤ ਥਾਵਾਂ ’ਤੇ ਦੁਸਹਿਰਾ ਸਮਾਗਮ ਕਰਵਾਏ ਗਏ, ਜਿੱਥੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ।

ਦੁਸਹਿਰਾ ਗਰਾਊਂਡ ’ਚ ਰਾਮ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਦੀ ਝਾਂਕੀ ਅਤੇ ਮਚਦੇ ਹੋਏ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ। 21-10-2026
ਬਠਿੰਡਾ, 20 ਅਕਤੂਬਰ (ਵੀਰਪਾਲ ਸਿੰਘ)- ਦੁਸਹਿਰੇ ਦਾ ਤਿਉਹਾਰ ਬਠਿੰਡਾ ਸ਼ਹਿਰ ਵਿਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੱਤ ਥਾਵਾਂ ’ਤੇ ਦੁਸਹਿਰਾ ਸਮਾਗਮ ਕਰਵਾਏ ਗਏ, ਜਿੱਥੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਪੁਤਲਿਆਂ ਦੇ ਦਹਿਨ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਅਤੇ ਦੁਸਹਿਰਾ ਮੇਲੇ ਦੀਆਂ ਰੌਣਕਾਂ ਦਾ ਆਨੰਦ ਮਾਣਿਆ। ਬਠਿੰਡਾ ਵਿਚ ਦੁਸਹਿਰੇ ਦਾ ਮੁੱਖ ਸਮਾਗਮ ਹਨੂੰਮਾਨ ਚੌਕ ਐਮ.ਐਸ.ਡੀ ਸਕੂਲ ਵਿਖੇ ਐਸ.ਐਸ.ਡੀ ਮਹਾਂਬੀਰ ਦਲ ਪ੍ਰਬੰਧ ਹੇਠ ਮਨਾਇਆ ਗਿਆ। ਇਸ ਮੌਕੇ ਜਤਿੰਦਰ ਜੈਨ ਡੀਜੀਪੀ ਪਾਵਰ ਕਾਰਪੋਰੇਸ਼ਨ ਪੰਜਾਬ ਵਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਇਸ ਤੋਂ ਇਲਾਵਾ ਮਹਾਂਬੀਰ ਦਲ ਪ੍ਰਧਾਨ ਚਿਰੰਜੀ ਲਾਲ ਗਰਗ, ਐਮ.ਡੀ.ਐਸ ਦੇ ਪ੍ਰਧਾਨ ਰਾਜਨ ਗਰਗ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਦੁਸਹਿਰਾ ਕਮੇਟੀ ਅਨਿਲ ਕੁਮਾਰ ਗੁਪਤਾ ਸੈਕਟਰੀ, ਸੰਜੇ ਅਗਰਵਾਲ, ਡਾਕਟਰ ਸੁਰਾਜ ਸੇਤੀਆ, ਐਸ.ਕੇ ਬਾਂਸਲ, ਸੁਰਿੰਦਰ ਗੋਇਲ ਤੋਂ ਇਲਾਵਾ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਦੁਹਿਸਰੇ ਦਾ ਤਿਉਹਾਰ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ, ਥਰਮਲ ਕਾਲੋਨੀ, ਐਨ.ਐਫ.ਐਲ. ਕਾਲੋਨੀ, ਆਦਰਸ਼ ਰੇਲਵੇ ਗਰਾਊਂਡ, ਪਰਸ ਰਾਮ ਨਗਰ, ਮਾਡਲ ਟਾਊਨ ਫੇਜ਼-1 ਅਤੇ ਆਦਰਸ਼ ਨਗਰ ਸਮੇਤ ਵੱਖ-ਵੱਖ ਇਲਾਕਿਆਂ ਵਿਚ ਦੁਸਹਿਰੇ ਦੇ ਸਮਾਗਮਾਂ ਦੌਰਾਨ ਪੁਤਲਿਆਂ ਦਾ ਦਹਿਨ ਕੀਤਾ ਗਿਆ। ਇਨ੍ਹਾਂ ਥਾਵਾਂ ’ਤੇ ਲੋਕਾਂ ਦੀ ਆਮਦ ਨਾਲ ਤਿਉਹਾਰ ਦਾ ਮਾਹੌਲ ਖ਼ੁਸ਼ਗਵਾਰ ਬਣਿਆ ਰਿਹਾ। ਦੁਸਹਿਰੇ ਦੇ ਸਮਾਗਮਾਂ ਦੌਰਾਨ ਪਟਾਕਿਆਂ ਅਤੇ ਆਤਿਸ਼ਬਾਜ਼ੀ ਨਾਲ ਅਸਮਾਨ ਵਿਚ ਬਣੇ ਮਨਮੋਹਕ ਦ੍ਰਿਸ਼ ਖਿੱਚ ਦਾ ਕੇਂਦਰ ਰਹੇ। ਜਿਵੇਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ, ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦ੍ਰਿਸ਼ ਨੂੰ ਦੇਖਿਆ ਅਤੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਮੇਲਿਆਂ ਵਿਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪਰਿਵਾਰਾਂ ਨੇ ਇਕੱਠੇ ਹੋ ਕੇ ਦੁਸਹਿਰੇ ਦੇ ਤਿਉਹਾਰ ਦਾ ਆਨੰਦ ਮਾਣਿਆ। ਦੁਸਹਿਰਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਆਗੂਆਂ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਨਗਰ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਸਿਰਫ਼ ਪੁਤਲਿਆਂ ਦੇ ਦਹਿਨ ਤੱਕ ਸੀਮਤ ਨਹੀਂ, ਸਗੋਂ ਇਹ ਮਨੁੱਖ ਨੂੰ ਬੁਰਾਈਆਂ ਤੋਂ ਦੂਰ ਰਹਿਣ ਅਤੇ ਸੱਚਾਈ, ਨੇਕੀ ਤੇ ਧਰਮ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਵੀ ਦਿੰਦਾ ਹੈ। ਇਸ ਤਰ੍ਹਾਂ ਬਠਿੰਡਾ ਵਿਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ, ਧਾਰਮਿਕ ਸ਼ਰਧਾ ਅਤੇ ਮੇਲੇ ਦੀਆਂ ਰੌਣਕਾਂ ਦਰਮਿਆਨ ਮਨਾਇਆ ਗਿਆ। ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ਨੇ ਸ਼ਹਿਰ ਵਿਚ ਤਿਉਹਾਰੀ ਮਾਹੌਲ ਸਿਰਜਿਆ ਅਤੇ ਲੋਕਾਂ ਨੇ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ। ਰਾਮਾਂ ਮੰਡੀ, 20 ਅਕਤੂਬਰ (ਤਰਸੇਮ ਸਿੰਗਲਾ)- ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਦਹਿਨ ਤੋਂ ਪਹਿਲਾਂ ਸ੍ਰੀ ਰਾਮ ਨਾਟਕ ਕਲੱਬ ਰਾਮਾਂ ਵਲੋਂ ਸ਼ਹਿਰ ਵਿਚ ਵਿਸ਼ਾਲ ਰੱਥ ਸ਼ੋਭਾ ਯਾਤਰਾ ਕੱਢੀ ਗਈ। ਇਸ ਰੱਥ ਯਾਤਰਾ ਵਿਚ ਰਾਮਲੀਲ੍ਹਾ ਦੇ ਕਲਾਕਾਰ ਘੋੜਿਆਂ ਅਤੇ ਸਜੇ-ਧਜੇ ਰਥਾਂ ’ਤੇ ਸਵਾਰ ਹੋ ਕੇ ਸ਼ਾਮਿਲ ਹੋਏ। ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਦੁਸਹਿਰਾ ਸਮਾਗਮ ਵਾਲੀ ਥਾਂ ਵੱਲ ਰਵਾਨਾ ਹੋਈ। ਯਾਤਰਾ ਦੌਰਾਨ ਭਗਵਾਨ ਸ੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਅਤੇ ਰਾਮਾਇਣ ਦੇ ਹੋਰ ਪਾਤਰਾਂ ਦੀਆਂ ਮਨਮੋਹਕ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਰਾਮਾਇਣ ਦੇ ਰਵਾਇਤੀ ਪਹਿਰਾਵਿਆਂ ਵਿਚ ਸਜੇ ਕਲਾਕਾਰਾਂ ਨੂੰ ਦੇਖਣ ਲਈ ਬਾਜ਼ਾਰਾਂ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸ਼ਹਿਰ ਵਾਸੀਆਂ ਨੇ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ। ਸਮਾਗਮ ਵਿਚ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਵਿਧਾਇਕਾ ਕੈਬਨਿਟ ਰੈਂਕ, ਜਗਦੇਵ ਸਿੰਘ ਜੱਜਲ ਸਾਬਕਾ ਸਰਪੰਚ ਅਤੇ ਹਿਮਾਂਸ਼ੂ ਗਰਗ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਪੁਤਲਿਆਂ ਨੂੰ ਅਗਨੀ ਦਿੱਤੀ। ਇਸ ਮੌਕੇ ਮਹਿਮਾਨਾਂ ਦੇ ਨਾਲ ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਰੁਚਿਕਾ ਗੋਇਲ ਪ੍ਰਧਾਨ ਨਗਰ ਕੌਂਸਲ, ਐਡਵੋਕੇਟ ਵਿਕਰਾਂਤ ਗੋਇਲ ਹਲਕਾ ਚੇਅਰਮੈਨ ਟਰੇਡ ਵਿੰਗ, ਬੰਟੀ ਗਰਗ ਸ਼ਹਿਰੀ ਪ੍ਰਧਾਨ ਆਪ, ਨਰੇਸ਼ ਕੁਮਾਰ ਠੂਠੀਆਂ ਪ੍ਰਧਾਨ ਐਮ.ਐਸ.ਡੀ. ਸਕੂਲ ਅਤੇ ਸਮੂਹ ਕੌਂਸਲਰ ਅਤੇ ਪਾਰਟੀ ਆਗੂ ਮੌਜੂਦ ਰਹੇ। ਪ੍ਰੋਫੈਸਰ ਬਲਜਿੰਦਰ ਕੌਰ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ ’ਤੇ ਚੰਗਿਆਈ, ਅਧਰਮ ’ਤੇ ਧਰਮ ਅਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਦੁਸਹਿਰਾ ਮਨਾਇਆ ਚਾਉਕੇ, (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੱਚਿਆਂ ਅਤੇ ਸਟਾਫ਼ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਬੱਚਿਆਂ, ਦੇਸ਼ ਵਿਦੇਸ਼ ’ਚ ਵੱਸਦੇ ਭਾਰਤ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਧਰਮ ਅਜਿਹੇ ਹਨ ਜੋ ਸਾਰੇ ਹੀ ਤਿਉਹਾਰਾਂ ਨੂੰ ਰਲਮਿਲ ਕੇ ਮਨਾਉਂਦੇ ਹਨ। ਦੁਸਹਿਰਾ ਵੀ ਅਜਿਹਾ ਹੀ ਪਵਿੱਤਰ ਤਿਉਹਾਰ ਹੈ ਜੋ ਕਿ ਬੁਰਾਈ ਉੱਪਰ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਹੈ, ਸਾਨੂੰ ਵੀ ਜੀਵਨ ’ਚ ਹਮੇਸ਼ਾ ਸੱਚ ਦੇ ਰਾਹ ਉੱਪਰ ਚੱਲਣਾ ਚਾਹੀਦਾ ਹੈ। ਅੱਜ ਸੰਸਥਾ ਵਿਖੇ ਬੱਚਿਆਂ ਨੇ ਦੁਸਹਿਰੇ ਦੇ ਤਿਉਹਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਬੱਚਿਆਂ ਨੇ ਦੁਸਹਿਰੇ ਦੇ ਤਿਉਹਾਰ ਨਾਲ ਸਬੰਧਿਤ ਵੱਖ-ਵੱਖ ਪਾਤਰਾਂ ਦੀਆਂ ਪੁਸ਼ਾਕਾ ’ਚ ਸਜ ਕੇ ਰਾਮ ਲੀਲ੍ਹਾ ਦਾ ਮੰਚਨ ਕੀਤਾ। ਬੱਚੇ ਰਾਮਲੀਲ੍ਹਾ ਦੇ ਪਾਤਰਾਂ ਜਿਵੇਂ ਕਿ ਭਗਵਾਨ ਰਾਮ, ਸੀਤਾ, ਲਕਸ਼ਮਣ, ਭਰਤ, ਰਾਜਾ ਜਨਕ, ਹਨੂੰਮਾਨ, ਰਾਵਣ, ਭਗਵਾਨ ਬਾਲਮੀਕ ਜੀ ਅਤੇ ਸੈਨਾ ਦੇ ਰੂਪ ’ਚ ਤਿਆਰ ਹੋ ਕੇ ਆਏ। ਬੱਚਿਆਂ ਨੇ ਰੋਲ ਕਰਦੇ ਹੋਏ ਸ੍ਰੀ ਰਾਮ ਚੰਦਰ ਦੇ ਬਚਪਨ ਤੋਂ ਲੈ ਕੇ ਰਾਵਣ ਨੂੰ ਮਾਰਨ ਤੋਂ ਬਾਅਦ ਅਯੁੱਧਿਆ ਵਾਪਸ ਆਉਣ ਤੱਕ ਦੀ ਕਹਾਣੀ ਨੂੰ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ। ਬੱਚਿਆਂ ਨੇ ਦੁਸਹਿਰੇ ਦੇ ਤਿਉਹਾਰ ਨਾਲ ਸਬੰਧਿਤ ਮਨਮੋਹਕ ਕੋਰਿੳਗਰਾਫੀਆਂ, ਨਾਟਕ ਵੀ ਪੇਸ਼ ਕੀਤੇ। ਅਧਿਆਪਕਾਂ ਨੇ ਬੱਚਿਆਂ ਨੂੰ ਇਸ ਤਿਉਹਾਰ ਦੇ ਇਤਿਹਾਸਕ ਮਹੱਤਵ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਤਿਉਹਾਰ ਸਾਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵੱਲ ਜਾਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸਟਾਰ ਪਲੱਸ ਕਾਨਵੈਂਟ ਸਕੂਲ ’ਚ ਦੁਸਹਿਰੇ ਦੀਆਂ ਰੌਣਕਾਂ ਰਾਮਾਂ ਮੰਡੀ, (ਤਰਸੇਮ ਸਿੰਗਲਾ)-ਸੋਮਵਾਰ ਨੂੰ ਸ਼ਹਿਰ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾਂ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਰਾਮ, ਲਕਸ਼ਮਣ ਅਤੇ ਹਨੂੰਮਾਨ ਦੇ ਪਾਤਰ ਨਿਭਾਏ। ਇਸ ਤੋਂ ਇਲਾਵਾ ਰਾਮ ਚੰਦਰ ਦੇ ਆਦਰਸ਼ ਜੀਵਨ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਨੂੰ ਦਰਸਾਉਂਦੇ ਨਾਟਕ, ਭਾਸ਼ਣ, ਕਵਿਤਾਵਾਂ ਅਤੇ ਨਾਚ ਪੇਸ਼ ਕੀਤੇ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਵਿਜੇ ਕੁਮਾਰ ਲਹਿਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰਾ ਸੱਚਾਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਹੈ। ਸ੍ਰੀ ਰਾਮ ਚੰਦਰ ਵਲੋਂ ਰਾਵਣ ਨੂੰ ਮਾਰ ਕੇ ਮਾਤਾ ਸੀਤਾ ਨੂੰ ਉਸ ਦੀ ਕੈਦ ਵਿਚੋਂ ਮੁਕਤ ਕਰਵਾਉਣਾ ਸਾਨੂੰ ਸੱਚਾਈ, ਨੇਕੀ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਧਾਨ ਤੇਲੂ ਰਾਮ ਲਹਿਰੀ, ਵਿੱਤ ਸਕੱਤਰ ਭੂਸ਼ਨ ਕੁਮਾਰ ਲਹਿਰੀ, ਮੀਤ ਚੇਅਰਮੈਨ ਰਜਤ ਗਰਗ, ਮੀਤ ਪ੍ਰਧਾਨ ਰਘੂ ਨੰਦਨ ਗਰਗ, ਮੀਤ ਵਿੱਤ ਸਕੱਤਰ ਸ਼ੁਭਮ ਗਰਗ, ਅਕਾਦਮਿਕ ਨਿਰਦੇਸ਼ਕ ਕਰਿਤਿਕਾ ਗਰਗ, ਮੀਤ ਪ੍ਰਧਾਨ ਰੁਚਿਕਾ ਗਰਗ ਅਤੇ ਮੀਤ ਪ੍ਰਿੰਸੀਪਲ ਅੰਕੁਰਿਤਾ ਬਾਂਸਲ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਮੌੜ ਮੰਡੀ, (ਗੁਰਜੀਤ ਸਿੰਘ ਕਮਾਲੂ)- ਦੁਸਹਿਰੇ ਦਾ ਤਿਉਹਾਰ ਕ੍ਰਿਸ਼ਨਾ ਡਰਾਮਾਟਿਕ ਕਲੱਬ ਵਲੋਂ ਸਥਾਨਕ ਮੰਡੀ ਦੇ ਖ਼ਾਲਸਾ ਹਾਈ ਸਕੂਲ ਦੇ ਗਰਾਊਂਡ ਅੰਦਰ ਮਨਾਇਆ ਗਿਆ। 3 ਵਜੇ ਦੇ ਕਰੀਬ ਕ੍ਰਿਸ਼ਨਾ ਕਲੱਬ ਵਲੋਂ ਭਗਵਾਨ ਰਾਮ ਦੀ ਸੋਭਾ ਯਾਤਰਾ ਨੂੰ ਸ੍ਰੀ ਰਾਮ ਭਵਨ (ਸਦਭਾਵਨਾ ਹਾਲ) ਕੋਲੋਂ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਬਠਿੰਡਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੀ ਤਰਫ਼ੋਂ ਗੁਰਜੀਤ ਸਿੰਘ ਗੋਰਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਦ ਕਿ ਜੋਤੀ ਪ੍ਰਚੰਡ ਦੀ ਰਸਮ ਦਿਨੇਸ਼ ਮਹਿਤਾ ਵਲੋਂ ਨਿਭਾਈ ਗਈ। ਮੰਡੀ ਦੇ ਬੋਹੜ ਵਾਲੇ ਚੌਂਕ ’ਚ ਭਗਵਾਨ ਰਾਮ ਚੰਦਰ ਦੀ ਆਰਤੀ ਗੋਰਾ ਲਾਲ ਜ਼ਿੰਦਲ ਸਾਬਕਾ ਕਾਰਜ ਸਾਧਕ ਅਫ਼ਸਰ ਬਠਿੰਡਾ ਵਲੋਂ ਉਤਾਰੀ ਗਈ। ਭਗਵਾਨ ਰਾਮ ਦੀ ਸ਼ੋਭਾ ਯਾਤਰਾ ਮੰਡੀ ਦੇ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਖ਼ਾਲਸਾ ਹਾਈ ਸਕੂਲ ਦੇ ਗਰਾਉਂਡ ਅੰਦਰ ਪੁੱਜੀ। ਜਿੱਥੇ ਪਹਿਲਾਂ ਤੋਂ ਹੀ ਹਜ਼ਾਰਾਂ ਦੀ ਤਾਦਾਦ ਅੰਦਰ ਦੁਸਹਿਰਾ ਦੇਖਣ ਵਾਲੇ ਦਰਸ਼ਕ ਮੌਜੂਦ ਸਨ। ਦਰਸ਼ਕਾਂ ਦੇ ਮਨੋਰੰਜਨ ਲਈ ਕਲੱਬ ਵਲੋਂ ਬਾਲੀਵੁੱਡ ਦਾ ‘ਕਰਿੰਦੇ ਦਾ ਬੈਂਡ’ ਦੇ ਗਾਇਕਾਂ ਵਲੋਂ ਆਪਣੀ ਸੁਰੀਲੀ ਆਵਾਜ਼ ਨਾਲ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੁੱਖ ਮਹਿਮਾਨ ਜੀਤ ਮਹਿੰਦਰ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਤੋਂ ਸਾਨੂੰ ਸਭ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਨਾਲ ਵੀ ਧੋਖਾ ਜਾ ਮਾੜਾ ਵਰਤਾਓ ਨਾ ਕਰੀਏ ਅਤੇ ਹਰ ਇਕ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਈਏ। ਕਲੱਬ ਦੀ ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਲਗਭਗ 6 ਵਜੇ ਦੇ ਕਰੀਬ ਰਾਮ ਰਾਵਣ ਅਤੇ ਮੇਘਨਾਦ, ਲਕਸ਼ਮਣ, ਕੁੰਭਕਰਨ, ਰਾਮ ਯੁੱਧ ਸੰਗਰਾਮ ਹੋਇਆ। ਜਿਸ ਵਿਚ ਬਦੀ ਦੀ ਹਾਰ ਅਤੇ ਨੇਕੀ ਦੀ ਜਿੱਤ ਹੋਈ। ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਭੁੱਚੋ ਮੰਡੀ, 20 ਅਕਤੂਬਰ (ਬਿੱਕਰ ਸਿੰਘ ਸਿੱਧੂ): ਨਿਊ ਡਰਾਮੈਟਿਕ ਕਲੱਬ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਲੱਬ ਵਲੋਂ ਸਰਕਾਰੀ ਸਕੂਲ ਦੀ ਗਰਾਊਂਡ ਵਿਖੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਲਗਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਪੰਜਾਬੀ ਅਦਾਕਾਰ ਹਰਸਿਮਰਨ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿੰਸ ਗੋਲਣ ਅਤੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਵਲੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਧਰਨਾ 8ਵੇਂ ਦਿਨ ’ਚ ਦਾਖਲ ਅਗਲੀ ਖ਼ਬਰ ਵੱਖ-ਵੱਖ ਥਾਵਾਂ ਤੋਂ ਚਾਰ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।