26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਜ਼ਿਲ੍ਹੇ ਭਰ 'ਚ ਕੀਤਾ ਟਰੈਕਟਰ ਮਾਰਚ

ਅਜੀਤ ਡੈਸਕ 28-01-2026
ਬਠਿੰਡਾ, 2 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵਲੋਂ 77ਵੇਂ ਗਣਤੰਤਰ ਦਿਵਸ ਮੌਕੇ ਬਠਿੰਡਾ ਸਮੇਤ ਜਿਲ੍ਹੇ ਭਰ 'ਚ ਟਰੈਕਟਰ ਮਾਰਚ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਰੋਸ ਵਿਖਾਵਾ ਕੀਤਾ ਗਿਆ | ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਾਕਿਯੂ ਡਕੌਂਦਾ ਬੁਰਜਗਿੱਲ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਭਾਕਿਯੂ ਡਕੌਂਦਾ (ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਭਾਕਿਯੂ ਮਾਨਸਾ ਦੇ ਆਗੂ ਬੇਅੰਤ ਸਿੰਘ, ਜਮਹੂਰੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਖਦੇਵ ਸਿੰਘ ਕੁੱਬੇ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਤੇ ਕੇਂਦਰੀਕਰਨ ਦੀਆਂ ਨੀਤੀਆਂ ਰੱਦ ਕਰਾਉਣ ਤੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਅਤੇ ਬਿਜਲੀ ਬਿੱਲ, ਬੀਜ ਬਿੱਲ,ਕਿਰਤ ਕਾਨੂੰਨ ਰੱਦ ਕਰਨ, ਮਨਰੇਗਾ ਸਕੀਮ ਬਹਾਲ ਰੱਖਣ, ਮੁਕਤ ਵਪਾਰ ਸਮਝੌਤਿਆਂ 'ਚੋਂ ਖੇਤੀ ਖੇਤਰ ਨੂੰ ਬਾਹਰ ਕਰਵਾਉਣ, ਹੜ੍ਹ ਪੀੜਤਾਂ ਨੂੰ ਯੋਗ ਮੁਆਵਜ਼ਾ ਦਿਵਾਉਣ ਲਈ ਇਹ ਟਰੈਕਟਰ ਮਾਰਚ ਕੀਤੇ ਗਏ ਹਨ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਰਾਹ 'ਤੇ ਚੱਲਣ ਦੀ ਬਜਾਏ ਕਿਸਾਨਾਂ ਨਾਲ ਖੜੇ, ਨਹੀਂ ਫਿਰ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹੇ | ਇਸ ਮੌਕੇ ਬਲਦੇਵ ਸਿੰਘ ਭਾਈਰੂਪਾ, ਬੂਟਾ ਸਿੰਘ ਤੁੰਗਵਾਲੀ, ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ, ਜਸਵੀਰ ਸਿੰਘ ਆਕਲੀਆ, ਦਰਸ਼ਨ ਸਿੰਘ ਫੁੱਲੋ ਮਿੱਠੀ, ਹਰਵਿੰਦਰ ਸਿੰਘ ਕੋਟਲੀ, ਜਗਜੀਤ ਸਿੰਘ ਕੋਟਸ਼ਮੀਰ, ਮਿੱਠੂ ਸਿੰਘ ਘੁੱਦਾ ਤੇ ਮੱਖਣ ਸਿੰਘ ਗੁਰੂਸਰ ਆਦਿ ਨੇ ਹਿੱਸਾ ਲਿਆ |
• ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਨਥਾਣਾ ਬਲਾਕ ਵਿਚ ਕੀਤਾ ਟਰੈਕਟਰ ਮਾਰਚ-ਭੂੱਚੋ ਮੰਡੀ, (ਬਿੱਕਰ ਸਿੰਘ ਸਿੱਧੂ)-ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਸਾਰੇ ਦੇਸ਼ ਵਿਚ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ਼ ਜਨਤਕ ਮਾਰਚ ਕੀਤੇ ਜਾਣ ਦੇ ਸੱਦੇ 'ਤੇ ਨਥਾਣਾ ਬਲਾਕ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵਲੋਂ ਜਗਦੇਵ ਸਿੰਘ, ਪਾਲਾ ਸਿੰਘ, ਸਵਰਨ ਸਿੰਘ, ਬੁਟਾ ਸਿੰਘ ਦੀ ਅਗਵਾਈ ਵਿਚ ਮਾਰਚ ਪਿੰਡ ਲਹਿਰਾ ਮੁਹੱਬਤ ਤੋਂ ਨਾਹਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਕੇ ਬੇਗਾ, ਚੱਕ, ਤੁੰਗਵਾਲੀ, ਭੁੱਚੋ ਖੁਰਦ, ਗੋਬਿੰਦਪੁਰਾ, ਸੇਮਾ, ਪੂਹਲੀ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿਚ ਟਰੈਕਟਰ ਅਤੇ ਗੱਡੀਆਂ ਸ਼ਾਮਲ ਹੋਈਆਂ | ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨਥਾਣਾ ਬਲਾਕ ਦੇ ਆਗੂਆਂ ਨੇ ਦੱਸਿਆ ਕਿ ਟਰੈਕਟਰ ਮਾਰਚ ਦੌਰਾਨ ਬਿਜਲੀ ਸੋਧ ਬਿੱਲ, ਬੀਜ ਬਿੱਲ, ਬੀਵੀ ਜੀ ਰਾਮ ਜੀ ਕਾਨੂੰਨ ਅਤੇ ਚਾਰ ਲੇਬਰ ਕੋਡ ਰੱਦ ਕਰਨ ਦੀਆਂ ਮੰਗਾਂ ਉਠਾਈਆਂ ਗਈਆਂ | ਇਸ ਤੋਂ ਇਲਾਵਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਰੱਦ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੇ ਘੱਟੋ ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ, ਹੜ੍ਹ ਪੀੜ੍ਹਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ, ਮੁਕਤ ਵਪਾਰ ਸਮਝੌਤਿਆਂ ਵਿਚੋਂ ਖੇਤੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਬਾਹਰ ਰੱਖਣ ਦੀ ਮੰਗ ਰੱਖੀ ਗਈ | ਪੰਜਾਬ ਸਰਕਾਰ ਵਲੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਖਿਲਾਫ਼ ਆਵਾਜ਼ ਚੁੱਕੀ ਗਈ |
• ਕਿਸਾਨ ਜਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ-ਸੰਗਤ ਮੰਡੀ, (ਸੁਖਤੇਜ ਧਾਲੀਵਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੰਗਤ ਬਲਾਕ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਵੱਖ-ਵੱਖ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ | ਇਹ ਟਰੈਕਟਰ ਮਾਰਚ ਪਿੰਡ ਸੰਗਤ ਕਲਾਂ ਦੇ ਗੁਰਦੁਆਰਾ ਭਾਈਆਣਾ ਸਾਹਿਬ ਤੋਂ ਸ਼ੁਰੂ ਕਰਕੇ ਡੱਬਵਾਲੀ ਦੇ ਪੰਜਾਬ ਹਰਿਆਣਾ ਹੱਦ ਤੱਕ ਕੀਤਾ ਗਿਆ | ਇਸ ਮਾਰਚ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਦਿੱਲੀ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਤੇ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ, ਕਿਸਾਨਾਂ ਮਜ਼ਦੂਰਾਂ ਸਿਰ ਚੜਿ੍ਹਆ ਸਾਰਾ ਕਰਜ਼ਾ ਖਤਮ ਕਰਨ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਲੈਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ, ਫ਼ਸਲਾਂ ਦੇ ਉਜਾੜੇ ਦੀ ਭਰਪਾਈ ਲਈ ਸਰਕਾਰੀ ਬੀਮਾ ਯੋਜਨਾ ਸ਼ੁਰੂ ਕਰਨ, ਕਿਸਾਨਾਂ ਮਜ਼ਦੂਰਾਂ ਦੀ ਪੈਨਸ਼ਨ 10-10 ਹਜ਼ਾਰ ਰੁਪਏ ਕਰਵਾਉਣ ਆਦਿ ਨੂੰ ਲੈਕੇ ਕੀਤਾ ਗਿਆ | ਮਾਰਚ ਵਿਚ ਕੇਂਦਰ ਸਰਕਾਰ ਵਲੋਂ ਲਿਆਂਦੇ ਬਿਜਲੀ ਸੋਧ ਬਿੱਲ, ਸੀਡ ਬਿੱਲ 2025, ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਤੇ ਮਜ਼ਦੂਰ ਵਿਰੋਧੀ ਚਾਰ ਕਿਰਤ ਕੋਡਾਂ ਆਦਿ ਖਿਲਾਫ਼ ਵੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਗਤ ਬਲਾਕ ਦੇ ਆਗੂ ਰਾਮ ਸਿੰਘ ਕੋਟਗੁਰੂ, ਧਰਮਪਾਲ ਸਿੰਘ ਜੰਡੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਕੁੱਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਬੁਰਜ ਗਿੱਲ, ਜਸਕਰਨ ਸਿੰਘ ਗਹਿਰੀ ਬੁੱਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਵਿੰਦਰ ਸਿੰਘ ਕੋਟਗੁਰੂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਿੱਠੂ ਸਿੰਘ ਘੁੱਦਾ ਆਦਿ ਮੌਜੂਦ ਸਨ |
• ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤਾ ਟਰੈਕਟਰ ਰੋਸ ਮਾਰਚ-ਨਥਾਣਾ, (ਗੁਰਦਰਸ਼ਨ ਲੁੱਧੜ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਆਜ਼ਾਦ ਭਾਰਤ ਦੀਆਂ ਸਰਕਾਰਾਂ ਦੁਆਰਾ ਬਣਾਈਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਬਲਾਕ ਨਥਾਣਾ ਦੇ ਪਿੰਡਾਂ ਵਿਚ ਟਰੈਕਟਰਾਂ ਦਾ ਰੋਸ ਮਾਰਚ ਕੀਤਾ ਗਿਆ, ਜੋ ਪਿੰਡ ਪੂਹਲਾ ਤੋਂ ਸ਼ੁਰੂ ਕਰਕੇ ਪੂਹਲੀ, ਸੇਮਾ, ਢੇਲਵਾਂ, ਗੰਗਾ, ਗਿੱਦੜ, ਨਾਥਪੁਰਾ ਤੋਂ ਹੁੰਦਾ ਹੋਇਆ ਨਥਾਣਾ ਵਿਚ ਸਮਾਪਤ ਕੀਤਾ ਗਿਆ | ਬੱਸ ਅੱਡਾ ਨਥਾਣਾ ਵਿਖੇ ਸਮਾਪਤੀ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਭਾਰੀ ਖਰਚਿਆਂ ਨਾਲ ਆਜ਼ਾਦੀ ਅਤੇ ਦੇਸ਼ ਵਿਚ ਗਣਰਾਜ ਪ੍ਰਣਾਲੀ ਲਾਗੂ ਹੋਣ ਦਾ ਦਿਖਾਵਾ ਕਰਨ ਲਈ ਵੱਡੇ-ਵੱਡੇ ਸਮਾਗਮ ਕੀਤੇ ਜਾ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਲੋਕਾਂ ਦੀ ਕਚਹਿਰੀ ਵਿਚ ਆ ਕੇ ਇਹ ਦੱਸਣ ਦੀ ਖੇਚਲਾ ਕਿਉਂ ਨਹੀਂ ਕਰ ਰਹੀ ਕਿ ਦੇਸ਼ ਦੀ ਗਣਰਾਜ ਪ੍ਰਣਾਲੀ ਨੇ ਕਿਸਾਨਾਂ, ਮਜ਼ਦੂਰਾਂ, ਕੱਚੇ ਮੁਲਾਜ਼ਮ, ਛੋਟੇ ਦੁਕਾਨਦਾਰਾਂ ਅਤੇ ਮਹਿਲਾ ਪੋਸ਼ਣ ਕਰਮੀਆਂ ਦਾ ਕੀ ਸੰਵਾਰਿਆ ਹੈ? ਪੌਣੀ ਸਦੀ ਤੋਂ ਵੱਧ ਸਮੇਂ ਦੌਰਾਨ ਦੇਸ਼ ਵਿਚ ਅਮੀਰ ਲੋਕ ਹੋਰ ਅਮੀਰ ਅਤੇ ਕਿਰਤੀ ਲੋਕ ਸਾਲ ਦਰ ਸਾਲ ਹੋਰ ਕੰਗਾਲ ਹੁੰਦੇ ਜਾ ਰਹੇ ਹਨ | ਕਿਸਾਨਾਂ ਆਗੂਆਂ ਨੇ ਕੁੱਲ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਖਿਲਾਫ਼ ਟਰੈਕਟਰ ਮਾਰਚ ਦੌਰਾਨ ਲੋਕਾਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਲੋਕ ਮਾਰੂ ਹਮਲਿਆਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਰਤੀ ਲੋਕ ਹੁਣ ਅਜਿਹੇ ਰਾਜ ਪ੍ਰਬੰਧ ਨੂੰ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ,ਬੂਟਾ ਸਿੰਘ ਤੁੰਗਵਾਲੀ (ਡਕੌਂਦਾ) ਜਗਦੇਵ ਸਿੰਘ (ਧਨੇਰ), ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ ਦੇ ਆਗੂ ਬਿੱਕਰਜੀਤ ਸਿੰਘ ਪੂਹਲਾ, ਅਵਤਾਰ ਸਿੰਘ ਅਤੇ ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਪੀ.ਜੀ. 'ਚ ਗਲਤ ਕੰਮ ਹੋਣ ਤੋਂ ਰੋਕਣ ਵਾਲੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, 8 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕਿਸਾਨੀ ਮੰਗਾਂ ਸੰਬੰਧੀ ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਜਥੇਬੰਦੀਆਂ ਨੇ ਕੱਢੇ ਟਰੈਕਟਰ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।