05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਵਿਰੋਧੀ ਧਿਰਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਬਦਨਾਮ ਹੀ ਕੀਤਾ-ਬੀਬਾ ਬਾਦਲ

ਅਜੀਤ ਡੈਸਕ 20-02-2026
ਰਾਮਾਂ ਮੰਡੀ, 19 ਫਰਵਰੀ (ਤਰਸੇਮ ਸਿੰਗਲਾ)- ਹਲਕਾ ਬਠਿੰਡਾ ਤੋਂ ਐਮ.ਪੀ. ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਤਲਵੰਡੀ ਹਲਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੇਰ ਸ਼ਾਮ ਰਾਮਾਂ ਪਿੰਡ ਵਿਖੇ ਪ੍ਰਤਾਪ ਸਿੰਘ ਭਾਊ ਦੇ ਘਰ ਰੱਖੇ ਪ੍ਰੋਗਰਾਮ ਵਿਚ ਪਹੁੰਚੀ, ਜਿੱਥੇ ਹਲਕਾ ਇੰਚਾਰਜ ਰਵੀਪ੍ਰੀਤ ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਪੂਰਾ ਪਰਿਵਾਰ ਦਰਜਨਾਂ ਹੋਰ ਵਰਕਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ | ਸ਼ਾਮਲ ਹੋਏ ਵਰਕਰਾਂ ਨੂੰ ਬੀਬਾ ਬਾਦਲ ਵਲੋਂ ਪਾਰਟੀ ਦੇ ਸਰੋਪੇ ਭੇਂਟ ਕਰਕੇ ਸਨਮਾਨ ਦਿੱਤਾ ਗਿਆ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਔਰਤਾਂ ਦੇ ਬੈਂਕ ਖਾਤੇ ਵਿਚ 1000 ਰੁਪਏ ਭੇਜਣ ਦਾ ਲਾਲਚ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ | ਜਿੱਥੇ ਚਾਰ ਸਾਲ ਲੰਘ ਜਾਣ ਉਪਰੰਤ ਵੀ ਔਰਤਾਂ ਨੂੰ 1000 ਰੁਪਏ ਨਹੀਂ ਦਿੱਤੇ ਗਏ, ਉੱਥੇ ਹੀ ਪੰਜਾਬ ਵਿਚ ਨਸ਼ਿਆਂ ਕਾਰਨ ਘਰਾਂ ਦੇ ਚਿਰਾਗ਼ ਬੁਝ ਰਹੇ ਹਨ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਬਦਨਾਮ ਕੀਤਾ ਹੈ, ਜਦੋਂ ਕਿ ਅਸਲੀਅਤ ਵਿਚ ਪਿਛਲੇ ਦਸ ਸਾਲਾਂ ਤੋਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ, ਜਦੋਂ ਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਖੋਖਲੇ ਦਾਅਵੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਅਸਲੀ ਪਾਰਟੀ ਹੈ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੰਬੇ ਸਮੇਂ ਦੇ ਰਾਜਕਾਲ ਦੌਰਾਨ ਕਿਸਾਨਾਂ ਨੂੰ ਮੁਫ਼ਤ ਟਿਊਬਵੈੱਲ ਕੁਨੈਕਸ਼ਨ, ਚਾਰ ਰੁਪਏ ਕਿੱਲੋ ਆਟਾ, ਵੀਹ ਰੁਪਏ ਕਿੱਲੋ ਦਾਲ, ਕੁੜੀਆਂ ਦੇ ਵਿਆਹਾਂ ਲਈ ਗ਼ਰੀਬਾਂ ਨੂੰ ਸ਼ਗਨ ਸਕੀਮ (ਤੋਹਫ਼ਾ) ਦੇ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕੀਤੀ | ਪ੍ਰੰਤੂ 'ਆਪ' ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਦਿੱਤੇ ਜਾਂਦੇ ਲਾਭ ਬੰਦ ਕਰ ਦਿੱਤੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਭਾਰੀ ਜਿੱਤ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਸਰਕਾਰ ਬਣਾਉਂਦਾ ਹੈ ਤਾਂ ਕਿਸਾਨਾਂ ਨੂੰ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ | ਮੁਫ਼ਤ ਆਟਾ ਅਤੇ ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ | ਕੁੜੀਆਂ ਨੂੰ ਵਿਆਹ 'ਤੇ ਇੱਕ ਲੱਖ ਰੁਪਏ ਦਾ ਸ਼ਗਨ (ਤੋਹਫ਼ਾ) ਮਿਲੇਗਾ ਅਤੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਉਣ ਲਈ ਦਸ ਲੱਖ ਰੁਪਏ ਦੇ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ | ਇਸ ਮੌਕੇ ਆਮ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਪਾਰਟੀ ਦੇ ਰਵੀਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ, ਪੀ.ਏ ਹਰਤਾਵਲ ਸਿੰਘ ਸੁੱਖੀ, ਦਵਿੰਦਰ ਸਿੰਘ ਕੋਟਬਖਤੂ ਹਲਕਾ ਅਬਜ਼ਰਵਰ, ਗੋਲਡੀ ਮਹੇਸ਼ਵਰੀ, ਦਵਿੰਦਰ ਜੈਨ, ਨਿਰਮਲ ਓਸਵਾਲ, ਅਮਰਜੀਤ ਗਿਰੀ, ਦੀਦਾਰ ਸਿੰਘ ਮੱਕੜ, ਅਮਰੀਕ ਸਿੰਘ ਘੁਲਿਆਣੀ, ਬਾਬਾ ਅਸਰੈਲ ਖਾਂ, ਟੀਟੂ ਭੁੱਲਰ, ਬਲਜੀਤ ਸਿੰਘ ਬਰਾੜ, ਦਰਸ਼ਨ ਸਿੰਘ ਮਿਸਤਰੀ, ਲੱਖਾ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਰਿੰਦਰ ਸਿੰਘ ਨਵਾਂ ਪਿੰਡ ਦੇ ਅਕਾਲ ਚਲਾਣੇ 'ਤੇ ਮੁਹਤਬਰ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਪੰਜਾਬ ਦਾ ਹਰ ਬਾਸ਼ਿੰਦਾ ਦਹਿਸ਼ਤ 'ਚ ਪਰ ਮੁੱਖ ਮੰਤਰੀ ਤੇ ਕੇਜਰੀਵਾਲ ਬੇਪ੍ਰਵਾਹ- ਬੀਬਾ ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।