08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀਆਂ ਵਲੋਂ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਐੱਸ. ਡੀ. ਐੱਮ ਦਫ਼ਤਰ ਅੱਗੇ ਪ੍ਰਦਰਸ਼ਨ

ਅਜੀਤ ਡੈਸਕ 01-05-2026
ਤਲਵੰਡੀ ਸਾਬੋ, 30 ਅਪ੍ਰੈਲ (ਰਣਜੀਤ ਸਿੰਘ ਰਾਜੂ)-ਭਾਰੀ ਗਰਮੀ ਦੌਰਾਨ ਸੂਬੇ ਭਰ 'ਚ ਪਿਛਲੇ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਵੱਡੇ ਕੱਟਾਂ ਕਾਰਣ ਆਮ ਲੋਕਾਂ ਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅੱਜ ਸਮੁੱਚੇ ਪੰਜਾਬ 'ਚ ਕੀਤੇ ਹਲਕਾ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਐਸ.ਡੀ.ਐੱਮ ਦਫਤਰ ਅੱਗੇ ਵਿਰੋਧ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਅਤੇ ਸੁਖਬੀਰ ਸਿੰਘ ਬਾਦਲ ਦੀ ਦੂਰ-ਦਰਸ਼ੀ ਸੋਚ ਦੇ ਸਦਕਾ ਪੰਜਾਬ ਬਿਜਲੀ ਸਰਪਲੱਸ ਸੂਬਾ ਬਣ ਸਕਿਆ ਪਰ ਬਾਅਦ ਦੀਆਂ ਸਰਕਾਰਾਂ ਤੇ ਖ਼ਾਸ ਕਰਕੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਬਿਜਲੀ ਲੋੜਾਂ ਦੀ ਪੂਰਤੀ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਿਸ ਦੇ ਨਤੀਜੇ ਵਜੋਂ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਸਲੇ ਦਾ ਹੱਲ ਕੱਢਣ ਦੀ ਵਜਾਏ ਸੂਬੇ ਦਾ ਬਿਜਲੀ ਮੰਤਰੀ ਕੱਟ ਲਾਏ ਜਾਣ ਦੇ ਕਾਰਨਾਂ ਬਾਰੇ ਸਮਝਾ ਰਿਹੈ | ਸਿੱਧੂ ਨੇ ਇਸ ਮੌਕੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਨਿਰੰਤਰ ਬਿਜਲੀ ਸਪਲਾਈ ਬਹਾਲ ਨਹੀਂ ਹੁੰਦੀ ਤਾਂ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕਰੇਗਾ | ਇਸ ਮੌਕੇ ਸੰਬੋਧਨ ਹੁੰਦਿਆਂ ਸੀ.ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਨੇ ਕਿਹਾ ਕਿ ਬਾਦਲ ਸਰਕਾਰ ਤੋਂ ਬਾਅਦ ਨਾ ਤਾਂ ਕੈਪਟਨ ਸਰਕਾਰ, ਨਾ ਚੰਨੀ ਸਰਕਾਰ ਤੇ ਨਾ ਹੀ ਭਗਵੰਤ ਮਾਨ ਸਰਕਾਰ ਨੇ ਬਿਜਲੀ ਉਤਪਾਦਨ ਦੇ ਸ੍ਰੋਤ ਪੈਦਾ ਕਰਨ 'ਚ ਕੋਈ ਦਿਲਚਸਪੀ ਦਿਖਾਈ | ਅੱਜ ਪੰਜਾਬ 'ਚ ਜਿੰਨੇ ਵੀ ਥਰਮਲ ਪਲਾਂਟ ਹਨ ਉਹ ਬਾਦਲ ਸਰਕਾਰ ਸਮੇਂ ਹੀ ਬਣੇ ਤੇ ਬਾਅਦ ਦੀਆਂ ਸਰਕਾਰਾਂ ਤੋਂ ਤਾਂ ਇਨ੍ਹਾਂ ਦੀ ਸਾਂਭ-ਸੰਭਾਲ ਵੀ ਨਹੀ ਹੋਈ | ਉਨ੍ਹਾਂ ਕਿਹਾ ਕਿ ਸਰਕਾਰ ਘਰਾਂ ਅਤੇ ਸਿੰਚਾਈ ਲਈ ਲੋੜੀਂਦੀ ਬਿਜਲੀ ਦੀ ਸਪਲਾਈ ਯਕੀਨੀ ਬਣਾਵੇ | ਪ੍ਰਦਰਸ਼ਨ 'ਚ ਯੂਥ ਅਕਾਲੀ ਦਲ ਸੂਬਾ ਮੀਤ ਪ੍ਰਧਾਨ ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਹਲਕਾ ਆਬਜ਼ਰਵਰ ਦਵਿੰਦਰ ਸਿੰਘ ਕੋਟਬਖਤੂ, ਗੁਰਤੇਜ ਸਿੰਘ ਨਸੀਬਪੁਰਾ, ਬੂਟਾ ਸਿੰਘ ਕੌਰੇਆਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਵੀ ਕੁਮਾਰ ਕੋਕੀ ਕੌਂਸਲਰ, ਭਿੰਦਾ ਸਿੰਘ ਜੱਜਲ, ਭਗਵਾਨ ਸਿੰਘ ਲੇਲੇਵਾਲਾ ਸਾਬਕਾ ਚੇਅਰਮੈਨ, ਜਸਵਿੰਦਰ ਸਿੰਘ ਸਿੱਧੂ, ਠਾਣਾ ਸਿੰਘ ਚੱਠਾ, ਸੁਖਮੰਦਰ ਸਿੰਘ ਜਗਾ ਰਾਮ ਤੀਰਥ, ਅਵਤਾਰ ਸਿੰਘ ਪੱਪੀ ਨਵਾਂ ਪਿੰਡ, ਹਰਤਾਬਲ ਸਿੰਘ ਸੁੱਖੀ, ਤੇਜਾ ਸਿੰਘ ਮਲਕਾਣਾ, ਬਲਕਰਨ ਸਿੰਘ ਸਰਪੰਚ ਪੱਕਾ, ਲੀਲਾ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਮੌਜੂਦ ਸਨ | ਸਟੇਜ ਦੀ ਕਾਰਵਾਈ ਸੀ.ਅਕਾਲੀ ਆਗੂ ਸੁਖਮੰਦਰ ਸਿੰਘ ਭਾਗੀਵਾਂਦਰ ਨੇ ਨਿਭਾਈ |
ਪਿਛਲੀ ਖ਼ਬਰ ਜਨਗਣਨਾ 2027-ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਸਵੈ-ਗਿਣਤੀ ਨਾਲ ਪਹਿਲੇ ਪੜਾਅ ਦੀ ਸ਼ੁਰੂਆਤ ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀ ਦਲ ਵਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।