08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਜਨਗਣਨਾ 2027-ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਸਵੈ-ਗਿਣਤੀ ਨਾਲ ਪਹਿਲੇ ਪੜਾਅ ਦੀ ਸ਼ੁਰੂਆਤ

ਅਜੀਤ ਡੈਸਕ 01-05-2026
ਬਠਿੰਡਾ, 30 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜਨਗਣਨਾ 2027 ਦਾ ਪਹਿਲਾ ਪੜਾਅ ਸਵੈ ਗਿਣਤੀ ਅੱਜ ਤੋਂ ਸ਼ੁਰੂ ਹੋ ਗਿਆ ਹੈ | ਪਿ੍ੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ se.census.gov.in ਪੋਰਟਲ 'ਤੇ ਆਪਣੀ ਜਾਣਕਾਰੀ ਭਰਕੇ ਇਸ ਦੀ ਸ਼ੁਰੂਆਤ ਕੀਤੀ | ਡੀ.ਆਈ.ਜੀ. ਬਠਿੰਡਾ ਹਰਜੀਤ ਸਿੰਘ, ਐੱਸ. ਐੱਸ. ਪੀ. ਡਾ. ਜਯੋਤੀ ਯਾਦਵ ਬੈਂਸ ਅਤੇ ਏ.ਡੀ.ਸੀ. (ਜਨਰਲ) ਮੈਡਮ ਕੰਚਨ ਨੇ ਵੀ ਆਪਣੀ ਸਵੈ-ਗਿਣਤੀ ਪੂਰੀ ਕੀਤੀ | ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀ ਚੋਣ ਆਈਕਨ 113 ਸਾਲਾ ਮਾਤਾ ਦਲੀਪ ਕੌਰ, ਵਸਨੀਕ ਬੀੜ ਤਲਾਬ, ਨੇ ਵੀ ਅੱਜ ਆਪਣੀ ਸਵੈ-ਗਿਣਤੀ ਕਰਵਾਈ | ਉਨ੍ਹਾਂ ਕਿਹਾ ਕਿ ਮਾਤਾ ਦਲੀਪ ਕੌਰ ਵਾਂਗ ਹੋਰ ਜ਼ਿਲ੍ਹਾ ਵਾਸੀ ਵੀ ਪੋਰਟਲ 'ਤੇ ਲਾਗਇਨ ਕਰਕੇ ਆਪਣੀ ਸਵੈ-ਗਿਣਤੀ ਕਰਨ | ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਭਾਰਤ ਦੀ 8ਵੀਂ ਜਨਗਣਨਾ ਹੈ ਅਤੇ ਪਹਿਲੀ ਵਾਰ ਪੂਰੀ ਤਰ੍ਹਾਂ ਡਿਜ਼ਿਟਲ ਢੰਗ ਨਾਲ ਕਰਵਾਈ ਜਾ ਰਹੀ ਹੈ | ਇਸ ਤੋਂ ਪਹਿਲਾਂ ਜਨਗਣਨਾ 2011 ਵਿਚ ਹੋਈ ਸੀ, ਜਿਸ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਕੁੱਲ ਆਬਾਦੀ 13,88,525 ਸੀ, ਜਿਸ ਵਿਚ 7,43,197 ਪੁਰਸ਼ ਅਤੇ 6,45,328 ਮਹਿਲਾਵਾਂ ਸ਼ਾਮਲ ਸਨ | ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਟੋਲ-ਫ਼ਰੀ ਹੈਲਪਲਾਈਨ ਨੰਬਰ 1855 ਵੀ ਚਾਲੂ ਕੀਤਾ ਗਿਆ ਹੈ | ਪਹਿਲੇ ਪੜਾਅ ਹੇਠ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਿਣਤੀ ਕੀਤੀ ਜਾਵੇਗੀ | 15 ਮਈ ਤੋਂ 13 ਜੂਨ ਤੱਕ ਗਿਣਤੀ ਕਰਨ ਵਾਲੇ ਕਰਮਚਾਰੀ (ਗਿਣਤੀਕਾਰ) ਹਰ ਘਰ ਦਾ ਦੌਰਾ ਕਰਕੇ 33 ਸਵਾਲ ਪੁੱਛਣਗੇ | ਜਿਨ੍ਹਾਂ ਲੋਕਾਂ ਨੇ ਸਵੈ-ਗਿਣਤੀ ਕਰ ਲਈ ਹੋਵੇਗੀ, ਉਹਨਾਂ ਤੋਂ ਸਿਰਫ਼ ਸਵੈ-ਗਿਣਤੀ ਨੰਬਰ ਲਿਆ ਜਾਵੇਗਾ ਅਤੇ ਕਰਮਚਾਰੀ ਉਸ ਜਾਣਕਾਰੀ ਦੀ ਪੁਸ਼ਟੀ ਕਰਕੇ ਪ੍ਰਕਿਰਿਆ ਪੂਰੀ ਕਰਨਗੇ | ਇਸ ਦੌਰਾਨ ਡੀ.ਆਈ.ਜੀ. ਹਰਜੀਤ ਸਿੰਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਹੀ ਅਤੇ ਸਟੀਕ ਜਾਣਕਾਰੀ ਦੇ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ | ਐੱਸ.ਐੱਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਲੋਕਾਂ ਨੂੰ ਸਾਇਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਕਿਹਾ | ਉਨ੍ਹਾਂ ਕਿਹਾ ਕਿ ਜਨਗਣਨਾ ਦੌਰਾਨ ਕੋਈ ਵੀ ਵਿਅਕਤੀ ਆਧਾਰ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਬੈਂਕ ਵੇਰਵੇ ਜਾਂ ਓਟੀਪੀ ਨਹੀਂ ਮੰਗੇਗਾ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਚੇਤ ਰਹਿ ਕੇ ਡਿਜ਼ਿਟਲ ਧੋਖਾਧੜੀ ਤੋਂ ਬਚਣ |
ਪਿਛਲੀ ਖ਼ਬਰ ਲੱਖਾਂ ਦੀ ਠੱਗੀ ਮਾਰਨ 'ਚ ਇਕ ਨਾਮਜ਼ਦ ਅਗਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ 'ਚ ਅਕਾਲੀਆਂ ਵਲੋਂ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਐੱਸ. ਡੀ. ਐੱਮ ਦਫ਼ਤਰ ਅੱਗੇ ਪ੍ਰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।