ਬਠਿੰਡਾ, 30 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸਰਕਾਰ ਦੀਆਂ ਨਾਕਾਮੀਆਂ 'ਤੇ ਪੜ੍ਹਦਾ ਪਾਉਣ ਵਾਲਾ ਡਰਾਮਾ ਕਰਾਰ ਦਿੱਤਾ ਹੈ¢ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮੁੱਖ ਮੰਤਰੀ ਨੇ ਡਾ. ਭੀਮ ਰਾਓ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫ਼ੋਟੋਆਂ ਦਿਖਾ ਕੇ ਵੋਟਾਂ ਲੈ ਕੇ ਸੱਤਾ ਤਾਂ ਹਾਸਲ ਕਰ ਲਈ ਪਰ ਅਮਲ ਵਿਚ ਖਰਾ ਨਹੀਂ ਉੱਤਰੇ¢ ਉਨ੍ਹਾਂ ਕਿਹਾ ਕਿ ਪਿੰਡਾਂ-ਸ਼ਹਿਰਾਂ 'ਚ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਨੱਥ ਪਾਉਣ, ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੇ ਹੱਕਾਂ ਲਈ, ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਲਈ, ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਦੀ ਥਾਂ 55 ਸਾਲ ਕਰਨ, ਅਤੇ ਪੰਜਾਬ ਅੰਦਰ 1972 ਦੇ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ ਸਮੇਤ ਹੋਰ ਮਜ਼ਦੂਰ ਅਧਿਕਾਰਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅਤੇ ਚੰਡੀਗੜ੍ਹ ਵਿਖੇ ਮਜ਼ਦੂਰਾਂ ਦੇ ਸ਼ਾਂਤਮਈ ਸੰਘਰਸ਼ਾਂ ਤੇ ਪੁਲਿਸ ਲਾਠੀਚਾਰਜ ਕਰਨ ਅਤੇ 8 ਵਾਰ ਮਜ਼ਦੂਰ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਲਿਖਤੀ ਸੱਦਾ ਦੇ ਕੇ ਮਜ਼ਦੂਰ ਆਗੂਆਂ ਨੂੰ ਬਿਨਾਂ ਮੀਟਿੰਗ ਕਰੇ ਵਾਪਸ ਭੇਜਣ ਵਾਲਾ ਮੁੱਖ ਮੰਤਰੀ ਕਿਹੜੇ ਮੂੰਹ ਨਾਲ ਮਜ਼ਦੂਰ ਦਿਹਾੜੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਜ਼ਦੂਰਾਂ ਦੇ ਨਾਂਅ 'ਤੇ ਵਿਧਾਨ ਸਭਾ ਦਾ ਇਜਲਾਸ ਕਰਨ ਦੀ ਥਾਂ ਪੰਜਾਬ ਅੰਦਰ ਭੱਠਿਆਂ, ਫ਼ੈਕਟਰੀਆਂ ਦੇ ਮਜ਼ਦੂਰਾਂ, ਸੀਵਰੇਜ ਸਫ਼ਾਈ ਵਰਕਰਾਂ ਦੀ ਨਿਗੂਣੀਆਂ ਤਨਖ਼ਾਹਾਂ 'ਤੇ 12-12 ਘੰਟੇ ਕੰਮ ਹੁੰਦੀ ਲੁੱਟ ਨੂੰ ਰੋਕਣ ਲਈ ਕਦਮ ਚੁੱਕਣ | ਉਨ੍ਹਾਂ ਕਿਹਾ ਕਿ ਆਪ ਸਰਕਾਰ ਦਾ 1 ਮਈ ਨੂੰ ਵਿਸ਼ੇਸ਼ ਵਿਧਾਨ ਸਭਾ ਦੇ ਇਜਲਾਸ ਵਿਚ ਮਜ਼ਦੂਰਾਂ ਦੇ ਮਸਲਿਆਂ 'ਤੇ ਵਿਚਾਰ ਨਹੀਂ ਸਗੋਂ ਆਪ ਨੂੰ ਛੱਡ ਗਏ ਸਾਂਸਦਾਂ ਵਿਰੁੱਧ ਮਤਾ ਪਾਉਣ ਲਈ ਸੱਦਿਆ ਗਿਆ ਹੈ¢ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਰਕਾਰ ਦੀ ਡਰਾਮੇਬਾਜ਼ੀ ਵਿਚ ਨਹੀਂ ਆਉਣਗੇ¢