ਗੋਨਿਆਣਾ, 30 ਅਪ੍ਰੈਲ (ਲਛਮਣ ਦਾਸ ਗਰਗ)- ਸੂਬਾ ਸਰਕਾਰ ਵਲੋਂ ਇਲਾਕੇ ਦੀਆਂ ਮੰਗਾਂ ਦੇ ਤਹਿਤ ਰੋਜ਼ਾਨਾ ਸਵਾਰੀਆਂ ਦੀ ਮੰਗ ਨੂੰ ਦੇਖਦੇ ਹੋਏ ਬਠਿੰਡਾ-ਬੁਰਜ ਮਹਿਮਾ-ਬਠਿੰਡਾ ਵਾਇਆ ਦਿਉਣ-ਬੁਲਾਡੇ ਵਾਲਾ ਦੇ ਲਈ ਸਰਕਾਰੀ ਮਿੰਨੀ ਬੱਸ ਸਰਵਿਸ ਸਵੇਰ ਸਮੇਂ ਸ਼ੁਰੂ ਕੀਤੀ ਗਈ ਹੈ | ਅੱਜ ਇਸ ਬੱਸ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਬੱਸ ਨੂੰ ਚਾਲੂ ਕੀਤਾ | ਉਕਤ ਜਾਣਕਾਰੀ ਦਿੰਦੇ ਹੋਏ ਸੁਖਪਾਲ ਕੌਰ ਸਰਪੰਚ ਬੁਰਜ ਮਹਿਮਾ, ਗੁਰਚਰਨ ਸਿੰਘ ਮੌੜ ਆਪ ਆਗੂ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਵੇਰ ਸਮੇਂ ਬਠਿੰਡਾ ਆਦਿ ਜਾਣ ਲਈ ਬਹੁਤ ਜ਼ਿਆਦਾ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਸੀ, ਉਕਤ ਬੱਸ ਦੇ ਚੱਲਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ | ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਸਵੇਰ ਸਮੇਂ ਪਿੰਡ ਦੇ ਬਾਹਰਲੇ ਬੱਸ ਅੱਡੇ ਤੋਂ ਲੰਘਣ ਵਾਲੀਆਂ ਬੱਸ ਵਿਚ ਜ਼ਿਆਦਾ ਭੀੜ ਹੋਣ ਕਰਕੇ ਪਿੰਡ ਦੀਆਂ ਸਵਾਰੀਆਂ ਬੱਸ ਅੱਡੇ 'ਤੇ ਖੜ੍ਹੀਆਂ ਹੀ ਰਹਿ ਜਾਂਦੀਆਂ ਸੀ | ਉਕਤ ਆਗੂਆਂ ਨੇ ਸਰਕਾਰ ਤੋਂ ਇਕ ਹੋਰ ਮੰਗ ਕੀਤੀ ਹੈ ਕਿ ਬੱਲੂਆਣਾ-ਬੁਰਜ ਮਹਿਮਾ-ਭਗਵਾਨਾ ਮਹਿਮਾ-ਗੋਨਿਆਣਾ ਮੰਡੀ-ਨਥਾਣਾ ਬੱਸ ਸਰਵਿਸ ਪਿਛਲੇ ਕਈ ਸ਼ਾਲਾਂ ਤੋਂ ਬੰਦ ਪਈ ਹੈ, ਇਸ ਨੂੰ ਜਲਦੀ ਚਲਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਗੋਨਿਆਣਾ-ਜੰਡਾਂਵਾਲਾ-ਨਥਾਣਾ-ਰਾਮਪੁਰਾ ਜਾਣਾ ਸੌਖਾ ਹੋ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਵਾ ਸਿੰਘ ਬਲਾਕ ਸੰਮਤੀ ਮੈਂਬਰ, ਗੁਰਜੰਟ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੋਰਾ ਮੌੜ, ਤਰਸੇਮ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਆਪ ਵਰਕਰ ਬੁਰਜ ਮਹਿਮਾ ਆਦਿ ਹਾਜਰ ਸਨ |