ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਹਾਈ ਕੋਰਟ ਜਾਵਾਂਗੇ- ਬਬਲੀ ਢਿੱਲੋਂ
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ ਖੜੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਪਾਰਟੀ ਵਰਕਰਾਂ ਵਲੋਂ ਡੀ.ਸੀ. ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਵਾਰਡ ਨੰਬਰ 28 ਤੋਂ ਉਮੀਦਵਾਰ ਬਿੱਟੂ ਸਿੰਘ ਮਹਿਣਾ ਬਸਤੀ ਦੇ ਨਾਮਜ਼ਦਗੀ ਪੱਤਰ ਉਸ ਦੇ ਖ਼ਿਲਾਫ਼ ਕੋਰਟ ਕੇਸ ਚੱਲਦਾ ਹੋਣ ਕਰਕੇ ਰੱਦ ਕੀਤੇ ਹਨ, ਜਦਕਿ ਕੇਸ ਹਾਲੇ ਅਮਲ 'ਚ ਹੀ ਨਹੀਂ ਹੈ | ਇਸੇ ਤਰ੍ਹਾਂ ਐਸ.ਸੀ. ਸਰਟੀਫਿਕੇਟ ਨਾ ਲੱਗਿਆ ਹੋਣ ਦਾ ਹਵਾਲਾ ਦੇ ਕੇ ਵਾਰਡ ਨੰਬਰ 15 ਤੋਂ ਉਮੀਦਵਾਰ ਅਜੇ ਕੁਮਾਰ ਦੇ ਕਾਗ਼ਜ਼ ਰੱਦ ਕੀਤੇ ਹਨ, ਜਦਕਿ ਸਰਟੀਫਿਕੇਟ ਪਹਿਲਾਂ ਹੀ ਨਾਮਜ਼ਦਗੀ ਪੱਤਰਾਂ ਨਾਲ ਨੱਥੀ ਕੀਤਾ ਸੀ ਅਤੇ ਵਾਰਡ ਨੰਬਰ 36 ਤੋਂ ਉਮੀਦਵਾਰ ਹਰਸ਼ ਸੈਣੀ ਦੇ ਨਾਮਜ਼ਦਗੀ ਪੱਤਰਾਂ 'ਤੇ ਇਹ ਇਤਰਾਜ਼ ਲਗਾਇਆ ਕਿ ਉਨ੍ਹਾਂ ਦੇ ਪਿਤਾ ਵੀ ਚੋਣ ਲੜ ਰਹੇ ਹਨ, ਜਦਕਿ ਲੋਕਤੰਤਰ ਢਾਂਚੇ ਅਨੁਸਾਰ ਕੋਈ ਵੀ ਵਿਅਕਤੀ ਚੋਣ ਲੜ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਰੇ ਇਤਰਾਜ਼ ਬਿਲਕੁਲ ਬੇਬੁਨਿਆਦ ਹਨ, ਜੋ ਕਾਨੂੰਨੀ ਤੌਰ 'ਤੇ ਕੋਈ ਠੋਸ ਆਧਾਰ ਨਹੀਂ ਰੱਖਦੇ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਸਰਕਾਰ ਦੇ ਦਬਾਅ ਹੇਠ ਆ ਕੇ ਲੋਕਤੰਤਰ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਏਗੀ | ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਲੋਕ ਇਸ ਧੱਕੇਸ਼ਾਹੀ ਦਾ ਜਵਾਬ ਆਉਣ ਵਾਲੀਆਂ ਚੋਣਾਂ 'ਚ ਦੇਣਗੇ ਅਤੇ ਲੋਕਤੰਤਰ ਨੂੰ ਕੁਚਲਣ ਵਾਲਿਆਂ ਨੂੰ ਸ਼ਬਕ ਸਿਖਾਉਣਗੇ ਅਤੇ ਸੂਬੇ 'ਚ ਅਗਲੀ ਅਕਾਲੀ ਸਰਕਾਰ ਬਣਨ 'ਤੇ ਇਸ ਦਾ ਖ਼ਮਿਆਜ਼ਾ ਸਬੰਧਿਤ ਅਧਿਕਾਰੀਆਂ ਨੂੰ ਵੀ ਭੁਗਤਣਾ ਪਵੇਗਾ | ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ ਸਮੇਤ ਪਾਰਟੀ ਆਗੂ ਤੇ ਵਰਕਰ ਮੌਜੂਦ ਸੀ |
ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਨ ਖ਼ਿਲਾਫ਼ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
20-05-2026