ਮਹਿਰਾਜ, 19 ਮਈ (ਸੁਖਪਾਲ ਮਹਿਰਾਜ)- ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਦੌਰਾਨ ਵਾਰਡ-2, 5 ਅਤੇ 8 ਵਿਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਮਗਰੋਂ ਸਿਆਸੀ ਮਾਹੌਲ ਗਰਮਾ ਗਿਆ | ਇਨ੍ਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਘੋਸ਼ਿਤ ਕਰ ਦਿੱਤਾ ਗਿਆ | ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਮਹਿਰਾਜ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੋਸ਼ ਲਗਾਇਆ ਕਿ ਵਿਧਾਇਕ ਵਲੋਂ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਏ ਗਏ, ਤਾਂ ਜੋ ਉਨ੍ਹਾਂ ਨੂੰ ਚੋਣ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿਰੋਧ ਅਤੇ ਆਪਣੀ ਹਾਰ ਤੋਂ ਘਬਰਾਈ ਹੋਈ ਹੈ, ਜਿਸ ਕਰਕੇ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਢਾਹਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਅਤੇ ਕਾਨੂੰਨੀ ਲੜਾਈ ਲੜੀ ਜਾਵੇਗੀ | ਉਧਰ ਵਾਰਡ-5 ਤੋਂ ਆਜ਼ਾਦ ਉਮੀਦਵਾਰ ਦੇ ਵਕੀਲ ਅਕਾਸ਼ ਕੋਸਲ ਨੇ ਵੀ ਪ੍ਰਸ਼ਾਸਨ 'ਤੇ ਸਰਕਾਰ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਲਿਸਟ ਸ਼ਾਮ 5 ਵਜੇ ਤੱਕ ਜਨਤਕ ਹੋਣੀ ਸੀ, ਪਰ ਦੇਰ ਰਾਤ ਕਰੀਬ 11 ਵਜੇ ਜਾਰੀ ਕੀਤੀ ਗਈ, ਜਿਸ ਤੋਂ ਪ੍ਰਸ਼ਾਸਨ ਦੀ ਮਿਲੀਭੁਗਤ ਸਾਫ਼ ਨਜ਼ਰ ਆਉਂਦੀ ਹੈ | ਇਸ ਮਾਮਲੇ 'ਤੇ ਭਾਜਪਾ ਦੇ ਆਗੂ ਰਾਹੁਲ ਮਹਿਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਕੀਤੀ ਗਈ ਧੱਕੇਸ਼ਾਹੀ ਦਾ ਖ਼ਮਿਆਜ਼ਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ | ਉਧਰ ਹਲਕਾ ਵਿਧਾਇਕ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਨਿੰਦਾ ਕਰਨਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿਚ ਕਮੀਆਂ ਹੋਣ ਕਾਰਨ ਹੀ ਉਹ ਰੱਦ ਹੋਏ ਹਨ | ਇਸ ਮੌਕੇ ਸੰਦੀਪ ਸਿੰਘ ਬਾਠ, ਬੇਅੰਤ ਸਿੰਘ, ਜੱਸ ਪਿੱਪਲੀ, ਚੇਅਰਮੈਨ ਬਲਜੀਤ ਸਿੰਘ ਆਦਿ ਹਾਜ਼ਰ ਸਨ |