25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

-ਮਾਮਲਾ 17 ਦਿਨਾਂ ਤੋਂ ਭੇਦਭਰੇ ਹਾਲਾਤ 'ਚ ਨਾਬਾਲਗ ਲੜਕੀ ਲਾਪਤਾ ਹੋਣ ਦਾ- ਮੰਡੀ ਕਲਾਂ ਵਿਖੇ ਰਾਮਪੁਰਾ-ਦਮਦਮਾ ਸਾਹਿਬ ਰੋਡ ਜਾਮ ਕਰਕੇ ਲਗਾਇਆ ਪੱਕਾ ਮੋਰਚਾ

ਅਜੀਤ ਡੈਸਕ 20-05-2026

ਬਾਲਿਆਂਵਾਲੀ, 19 ਮਈ (ਕੁਲਦੀਪ ਮਤਵਾਲਾ)-ਪਿਛਲੇ 17 ਦਿਨਾਂ ਤੋਂ ਪਿੰਡ ਮੰਡੀ ਕਲਾਂ ਦੀ 15 ਵਰ੍ਹਿਆਂ ਦੀ ਲੜਕੀ ਦਾ ਅਚਾਨਕ ਲਾਪਤਾ ਹੋਣ ਦਾ ਮਾਮਲਾ ਉਦੋਂ ਗਰਮਾ ਗਿਆ, ਜਦੋਂ ਪਰਿਵਾਰਕ ਮੈਂਬਰਾਂ ਨੇ ਦੋਵੇਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਸ਼ਿਖਰ ਦੁਪਹਿਰੇ ਰਾਮਪੁਰਾ-ਦਮਦਮਾ ਸਾਹਿਬ ਕੌਮੀ ਮਾਰਗ ਜਾਮ ਕਰਕੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾ ਦਿੱਤਾ। ਇਸ ਮੌਕੇ ਪੁਲਿਸ ਵਿਭਾਗ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਜਿਸ ਦਾ ਪਤਾ ਲੱਗਦਿਆਂ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਪਿੰਡ ਦੇ ਸਰਪੰਚ ਜਸਵੰਤ ਦਰਦ ਪ੍ਰੀਤ, ਸਰਪੰਚ ਮਲਕੀਤ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਰੋਮਾਣਾ, ਕਿਸਾਨ ਆਗੂ ਸੁਖਦੇਵ ਸਿੰਘ ਸਾਬਕਾ ਸਰਪੰਚ, ਕਿਸਾਨ ਆਗੂ ਰਣਜੀਤ ਸਿੰਘ, ਲੱਖਾ ਸਿੰਘ ਲਾਲੋ ਕੇ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣਾ ਬਾਲਿਆਂਵਾਲੀ 'ਤੇ ਦੋਸ਼ ਲਗਾਇਆ ਕਿ ਲੜਕੀ ਸਤਾਰਾਂ ਦਿਨ ਪਹਿਲਾਂ ਭੇਦ ਭਰੇ ਹਾਲਾਤਾਂ 'ਚ ਲਾਪਤਾ ਹੋ ਗਈ ਸੀ। ਜਿਸ ਦੀ ਪੁਲਿਸ ਨੂੰ ਦਰਖ਼ਾਸਤ ਵੀ ਦਿੱਤੀ ਗਈ, ਪ੍ਰੰਤੂ ਪੁਲਿਸ ਨੂੰ ਹਾਲੇ ਤੱਕ ਨੂੰ ਲੱਭ ਨਹੀਂ ਸਕੀ। ਇਸ ਮੌਕੇ ਲਾਪਤਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਕਿ ਲੜਕੀ ਨੂੰ ਲਾਪਤਾ ਕਰਨ ਜਿਸ ਔਰਤ ਦਾ ਹੱਥ ਹੈ, ਹਾਲੇ ਤੱਕ ਉਕਤ ਔਰਤ ਨੂੰ ਪੁਲਿਸ ਗ੍ਰਿਫ਼ਤਾਰ ਨਹੀਂ ਕੀਤਾ। ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ, ਭਾਕਿਯੂ ਏਕਤਾ ਡਕੌਂਦਾ, ਭਾਕਿਯੂ ਏਕਤਾ ਕ੍ਰਾਂਤੀਕਾਰੀ ਆਦਿ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਲੋਕਲ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਧਰਨਾਕਾਰੀਆਂ ਨਾਲ ਪੁਲਿਸ ਅਧਿਕਾਰੀਆਂ ਦੀ ਹੋਈ ਗੱਲਬਾਤ ਬੇ-ਨਤੀਜਾ ਰਹੀ। ਇਸ ਮੌਕੇ ਪੰਚਾਇਤਾਂ ਤੇ ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਲਾਪਤਾ ਲੜਕੀ ਬਰਾਮਦ ਨਹੀਂ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਡਿਪਟੀ ਮੌੜ ਜਸਵਰਿੰਦਰ ਸਿੰਘ ਤੇ ਥਾਣਾ ਮੁਖੀ ਫਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਜੂਦ ਰਹੇ। ਇਸ ਮੌਕੇ ਜੱਗੀ ਐਮ.ਸੀ, ਮੱਖਣ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਮਹਿਲਾਵਾਂ ਨੇ ਧਰਨੇ 'ਚ ਸ਼ਿਰਕਤ ਕੀਤੀ। ਖ਼ਬਰ ਲਿਖੇ ਜਾਣ ਤੱਕ ਤੱਕ ਰੋਡ ਜਾਮ ਕਰਕੇ ਧਰਨਾ ਤੇ ਰੋਸ ਪ੍ਰਦਰਸ਼ਨ ਜਾਰੀ ਸੀ। ਇਸ ਸੰਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਪੁਲਿਸ ਪਾਰਟੀ 'ਤੇ ਮਿਲੀਭੁਗਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਮੁਕੱਦਮਾ ਦਰਜ ਕਰ ਲਿਆ, ਜਦਕਿ ਉਕਤ ਔਰਤ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਜਦਕਿ ਨਾਮਜ਼ਦ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਤੇ ਲਾਪਤਾ ਲੜਕੀ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।

 

ਪਿਛਲੀ ਖ਼ਬਰ ਨਿਗਮ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀਆਂ ਉਡਾਈਆਂ ਜਾ ਰਹੀਆਂ ਹਨ ਸ਼ਰੇਆਮ ਧੱਜੀਆਂ ਅਗਲੀ ਖ਼ਬਰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।