25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ <br/>

ਅਜੀਤ ਡੈਸਕ 20-05-2026
ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 40 ਨਸ਼ੀਲੀਆਂ ਗੋਲੀਆਂ ਅਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਮਨਿੰਦਰ ਸਿੰਘ ਉਰਫ ਮਨੀ ਵਾਸੀ ਪਟਿਆਲਾ ਵਜੋਂ ਕੀਤੀ ਗਈ ਹੈ | ਪੁਲਿਸ ਨੇ ਉਸ ਨੂੰ ਅਜੀਤ ਨਗਰ ਤੋਂ ਕਾਬੂ ਕੀਤਾ ਹੈ | ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |
ਨਾਜਾਇਜ਼ ਸ਼ਰਾਬ ਬਰਾਮਦ
ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁਹੱਲਾ ਬਾਗੜੂ ਵਿਚ ਪੁਲਿਸ ਨੇ 82 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉੱਥੇ ਕੁੱਝ ਲੋਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ, ਜਿਸ 'ਤੇ ਪੁਲਿਸ ਨੇ ਉੱਥੇ ਛਾਪਾਮਾਰੀ ਕੀਤੀ | ਛਾਪਾਮਾਰੀ ਦੌਰਾਨ ਸ਼ਰਾਬ ਦੇ ਮਾਲਕ ਮੌਕੇ ਤੋਂ ਫ਼ਰਾਰ ਹੋ ਗਏ | ਪੁਲਿਸ ਨੇ ਇਸ ਮਾਮਲੇ ਵਿਚ ਲਵਲੀ ਲੁਥਰਾ ਅਤੇ ਭੋਲਾ ਵਾਸੀ ਬਾਗੜੂ ਮੁਹੱਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ |
ਜਾਇਦਾਦ ਦੇ ਮਾਮਲੇ 'ਚ ਧੋਖਾਧੜੀ
ਪੁਲਿਸ ਨੇ ਮੁਹੰਮਦ ਉਸਮਾਨ ਵਾਸੀ ਡਾ. ਅੰਬੇਦਕਰ ਨਗਰ ਦੀ ਸ਼ਿਕਾਇਤ 'ਤੇ ਸਾਜਨ ਵਾਸੀ ਲੁਹਾਰਾ ਵਿਕਰਮ ਸੌਰਵ ਅਤੇ ਮਨੀਸ਼ ਵਾਸੀ ਗਣਪਤੀ ਇਨਕਲੇਵ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਮਿਲੀ ਭੁਗਤ ਕਰਕੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 9 ਲੱਖ 60 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਪੁਲਿਸ ਨੇ ਗਰੀਸ਼ ਅਨਮੋਲ ਸੂਦ ਦੀ ਸ਼ਿਕਾਇਤ 'ਤੇ ਪ੍ਰਵੀਨ ਕੁਮਾਰ ਸਿੰਗਲਾ ਵਾਸੀ ਮਾਡਲ ਟਾਊਨ ਮਨੀਸ਼ ਸੂਦ ਵਾਸੀ ਕਿਚਲੂ ਨਗਰ ਸੁਸ਼ੀਲ ਕੁਮਾਰ ਗੋਇਲ ਵਾਸੀ ਮਾਡਲ ਟਾਊਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 35 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ |
ਦੋ ਮੋਟਰਸਾਈਕਲ ਚੋਰੀ
ਪੁਲਿਸ ਨੇ ਆਸ਼ੀਸ਼ ਪਠਾਣੀਆ ਵਾਸੀ ਫ਼ਿਰੋਜ਼ਪੁਰ ਰੋਡ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਐਸ.ਐਸ.ਪੀ. ਕੰਸਟਰੱਕਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਐਨ. ਐਚ. ਏ. ਆਈ. ਪ੍ਰੋਜੈਕਟ ਲੁਧਿਆਣਾ ਦਾ ਸਹਾਇਕ ਇੰਜੀਨੀਅਰ ਹੈ | ਬੀਤੇ ਦਿਨ ਉਸ ਨੇ ਆਪਣਾ ਮੋਟਰਸਾਈਕਲ ਵੇਰਕਾ ਮਿਲਕ ਪਲਾਂਟ ਨੇੜੇ ਖੜ੍ਹਾ ਕੀਤਾ ਸੀ ਕਿ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਨਵੀਂ ਕਚਹਿਰੀ ਦੇ ਬਾਹਰੋਂ ਚੋਰਾਂ ਵਲੋਂ ਅਨੁਰਾਗ ਵਾਸੀ ਟਿੱਬਾ ਰੋਡ ਦਾ ਵੀ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ |
ਅਦਾਲਤ 'ਚ ਗੈਰ ਹਾਜ਼ਰ ਔਰਤ ਖ਼ਿਲਾਫ਼ ਕੇਸ ਦਰਜ
ਪੁਲਿਸ ਨੇ ਸੁਖਦੇਵ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ 'ਤੇ ਹਰਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਔਰਤ ਖ਼ਿਲਾਫ਼ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਉਹ ਅਦਾਲਤ ਵਿਚੋਂ ਗੈਰ ਹਾਜ਼ਰ ਰਹਿ ਰਹੀ ਹੈ, ਜਿਸ 'ਤੇ ਪੁਲਿਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ -ਮਾਮਲਾ 17 ਦਿਨਾਂ ਤੋਂ ਭੇਦਭਰੇ ਹਾਲਾਤ 'ਚ ਨਾਬਾਲਗ ਲੜਕੀ ਲਾਪਤਾ ਹੋਣ ਦਾ- ਮੰਡੀ ਕਲਾਂ ਵਿਖੇ ਰਾਮਪੁਰਾ-ਦਮਦਮਾ ਸਾਹਿਬ ਰੋਡ... ਅਗਲੀ ਖ਼ਬਰ ਬੱਚੀ ਦੀਆਂ ਇਤਰਾਜ਼ ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕ ਮੇਲ ਕਰਨ ਵਾਲੇ ਕਾਰੋਬਾਰੀ ਖ਼ਿਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।