ਮਹਿਮਾ ਸਰਜਾ ਮੰਡੀ ’ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਖੱਜਲ-ਖੁਆਰ
ਮਹਿਮਾ ਸਰਜਾ, 27 ਅਕਤੂਬਰ (ਬਲਦੇਵ ਸੰਧੂ)- ਮਹਿਮਾ ਸਰਜਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਮੰਡੀ ਵਿਚ ਖ਼ਰੀਦੇ ਗਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਦੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਕੱਚੀਆਂ ਥਾਵਾਂ ‘ਤੇ ਢੇਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਹਿਮਾ ਸਰਜਾ, 27 ਅਕਤੂਬਰ (ਬਲਦੇਵ ਸੰਧੂ)- ਮਹਿਮਾ ਸਰਜਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਮੰਡੀ ਵਿਚ ਖ਼ਰੀਦੇ ਗਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਦੀ ਕਿੱਲਤ ਪੈਦਾ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਕੱਚੀਆਂ ਥਾਵਾਂ ‘ਤੇ ਢੇਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਮਹਿਮਾ ਨੇ ਦਾਣਾ ਮੰਡੀ ਦਾ ਵਿਸ਼ੇਸ਼ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਬੋਰੀਆਂ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਨਵਾਂ ਝੋਨਾ ਉਤਾਰਨ ਦੇ ਨਾਲ-ਨਾਲ ਫ਼ਸਲ ਦੀ ਸਫ਼ਾਈ ਅਤੇ ਝਾਰ ਲਗਾਉਣ ਲਈ ਵੀ ਲੋੜੀਂਦੀ ਜਗ੍ਹਾ ਨਹੀਂ ਮਿਲ ਰਹੀ। ਇਸ ਨਾਲ ਜਿਣਸ ਦੀ ਸੁਚੱਜੀ ਸੰਭਾਲ ਅਤੇ ਵਿਕਰੀ ਦਾ ਸਾਰਾ ਅਮਲ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਦੀ ਫ਼ਸਲ ਵਿਚ ਨਮੀ ਦੀ ਮਾਤਰਾ ਸਰਕਾਰੀ ਨਿਰਧਾਰਿਤ ਹੱਦ 17 ਫ਼ੀਸਦੀ ਤੱਕ ਹੈ, ਉਨ੍ਹਾਂ ਨੂੰ ਵੀ ਖ਼ਰੀਦ ਅਤੇ ਚੁਕਾਈ ਦੀ ਸੁਚਾਰੂ ਵਸਥਾ ਨਾ ਹੋਣ ਕਾਰਨ ਪਿਛਲੇ ਦਸ-ਦਸ ਦਿਨਾਂ ਤੋਂ ਮੰਡੀਆਂ ਵਿਚ ਉਡੀਕ ਕਰਨੀ ਪੈ ਰਹੀ ਹੈ। ਫ਼ਸਲ ਦੀ ਕਟਾਈ, ਢੋਆ-ਢੁਆਈ ਅਤੇ ਅਗਲੀ ਫ਼ਸਲ ਦੀ ਤਿਆਰੀ ਦੇ ਰੁਝੇਵਿਆਂ ਦਰਮਿਆਨ ਇਹ ਲੰਮੀ ਉਡੀਕ ਉਨ੍ਹਾਂ ਲਈ ਵਾਧੂ ਆਰਥਿਕ ਤੇ ਮਾਨਸਿਕ ਬੋਝ ਬਣ ਰਹੀ ਹੈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਮਹਿਮਾ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਪੁਰਜ਼ੋਰ ਮੰਗ ਕੀਤੀ ਕਿ ਮਹਿਮਾ ਸਰਜਾ ਮੰਡੀ ’ਚ ਪਈਆਂ ਝੋਨੇ ਦੀਆਂ ਬੋਰੀਆਂ ਦੀ ਤੁਰੰਤ ਚੁਕਾਈ ਯਕੀਨੀ ਬਣਾਈ ਜਾਵੇ ।