18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਨੁੱਖੀ ਜਾਨਾਂ ਲਈ ਯਮਦੂਤ ਬਣੀ ਚਾਇਨਾ ਡੋਰ ਨਸ਼ਿਆਂ ਤੋਂ ਵੀ ਗੰਭੀਰ ਮੁੱਦਾ-ਪਾਲੀ ਧਾਲੀਵਾਲ/ਪ੍ਰੇਮ ਮਾਨ • ਗ੍ਰਾਮ ਪੰਚਾਇਤਾਂ ਖ਼ੂਨੀ ਡੋਰ ਖ਼ਿਲਾਫ਼ ਮਤੇ ਪਾਉਣ-ਬਿੰਦਰੀ

ਅਜੀਤ ਡੈਸਕ 31-01-2026
ਲੋਹਟਬੱਦੀ, 30 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ/ਗੁਰਵਿੰਦਰ ਸਿੰਘ ਹੈਪੀ)-ਪੰਜਾਬ ਦੇ ਕੋਨੇ-ਕੋਨੇ 'ਚ ਚਾਇਨਾ ਡੋਰ ਕਾਰਨ ਹੋ ਰਹੀਆਂ ਬੇਵਕਤੀ ਮੌਤਾਂ ਤੋਂ ਲੋਕ ਬੁਰੀ ਤਰ੍ਹਾਂ ਸਹਿਮੇ ਹੋਏ ਹਨ | ਭਾਵੇਂ ਪਿਛਲੇ ਸਾਲਾਂ ਦਰਮਿਆਨ ਇਸ ਡੋਰ ਨੇ ਪਸ਼ੂ-ਪੰਛੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਪਰੰਤੂ ਹੁਣ ਯਮਦੂਤ ਬਣੀ ਇਸ ਡੋਰ ਨੇ ਕਈ ਮਨੁੱਖੀ ਜਾਨਾਂ ਨੂੰ ਮੌਤ ਦੇ ਮੂੰਹ ਧਕੇਲ ਕੇ ਹੱਸਦੇ ਵਸਦੇ ਘਰਾਂ 'ਚ ਸੱਥਰ ਵਿਛਾ ਦਿੱਤੇ | ਇਹ ਪ੍ਰਗਟਾਵਾ ਸਮਾਜ ਸੇਵੀ ਜਸਪਾਲ ਸਿੰਘ ਪਾਲੀ ਧਾਲੀਵਾਲ, ਸੁਖਵੀਰ ਸਿੰਘ ਪ੍ਰੇਮ ਬੜੂੰਦੀ ਨੇ ਕੀਤਾ | ਉਨ੍ਹਾਂ ਕਿਹਾ ਕਿ ਚਾਇਨਾ ਡੋਰ ਦੀ ਖਰੀਦ-ਵੇਚ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਇਸ ਦੀ ਧੜੱਲੇ ਨਾਲ ਵਰਤੋਂ ਨੇ ਸਿੱਧ ਕਰ ਦਿੱਤਾ ਹੈ ਕਿ ਕਿਤੇ ਨਾ ਕਿਤੇ ਸਾਸ਼ਨ-ਪ੍ਰਸ਼ਾਸਨ ਪ੍ਰਬੰਧਕੀ ਢਾਂਚੇ 'ਚ ਨਾਲਾਇਕੀ ਜਾਂ ਕਮਜ਼ੋਰੀ ਹੈ | ਉਨ੍ਹਾਂ ਕਿਹਾ ਕੁਦਰਤ ਦੀ ਕਾਇਨਾਤ ਨੂੰ ਪਿਆਰ ਕਰਨ ਵਾਲੇ ਆਗੂ ਤਾਂ ਪਹਿਲਾਂ ਹੀ ਚਿੰਤਤ ਸਨ ਕਿ ਸਾਇੰਸ ਦੀ ਅਖੌਤੀ ਕਾਢ ਚਾਇਨਾ ਡਰੈਗਨ ਡੋਰ ਨਾਲ ਕੁਦਰਤ ਦੀ ਉੱਤਪਤੀ ਮਨੁੱਖੀ ਸਰੀਰ ਦੀਆਂ ਗਰਦਨਾਂ/ਧੌਣਾਂ ਕੱਟਣੀਆਂ, ਅਸਮਾਨ 'ਚ ਉੱਡਦੇ ਪੰਛੀਆਂ ਦੇ ਖੰਭ ਕੱਟ ਦੇਣ ਵਾਲੀ ਇਹ ਡੋਰ ਲੋਕਾਂ ਅਤੇ ਸਰਕਾਰਾਂ ਲਈ ਵੱਡੀ ਸਿਰਦਰਦੀ ਬਣੇਗੀ | ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ ਖੇਤੀਬਾੜੀ ਸਭਾ ਬੜੂੰਦੀ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਲਈ ਚਾਇਨਾ ਡੋਰ ਨਸ਼ਿਆਂ ਨਾਲੋਂ ਵੀ ਕਿਤੇ ਜਿਆਦਾ ਗੰਭੀਰ ਮੁੱਦਾ ਬਣੀ ਹੋਈ ਹੈ | ਪਿੰਡਾਂ-ਸ਼ਹਿਰਾਂ 'ਚ ਚੋਰ ਮੋਰੀਆਂ ਰਾਹੀਂ ਇਸ ਦੀ ਹੋ ਰਹੀ ਤਸਕਰੀ ਅਮ ਲੋਕਾਂ ਨੂੰ ਸੋਚਣ ਲਈ ਮਜ਼ਬੂਤ ਕੀਤਾ ਪਿਆ ਹੈ | ਬਿੰਦਰੀ ਮਾਨ ਨੇ ਕਿਹਾ ਕੇ ਸਰਕਾਰ ਨੇ ਤਾਂ ਪਹਿਲਾਂ ਹੀ ਇਸ ਦੀ ਵਿਕਰੀ ਅਤੇ ਵਰਤੋਂ 'ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ ਪਰੰਤੂ ਜ਼ਮੀਨੀ ਪੱਧਰ 'ਤੇ ਵੀ ਇਸ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨ ਲਈ ਗ੍ਰਾਮ ਪੰਚਾਇਤਾਂ ਮਤੇ ਪਾਉਣ | ਇਸ ਦੇ ਨਾਲ ਹੀ ਅਮਰਜੀਤ ਸਿੰਘ ਪੰਨੂ, ਨੰਬਰਦਾਰ ਜਗਤਾਰ ਸਿੰਘ ਭੋਲਾ, ਜਗਦੀਸ਼ ਸਿੰਘ ਬੜੂੰਦੀ ਬੈਂਕ ਵਾਲੇ, ਫੌਜੀ ਜਗਰੂਪ ਸਿੰਘ, ਅਵਤਾਰ ਸਿੰਘ ਪੰਚ, ਪਰਮੋਦ ਸਿੰਘ ਬਾਟਾ ਪੰਚ, ਗਿਆਨੀ ਬਸੰਤ ਸਿੰਘ ਭੱਟੀ, ਡਾ: ਗੁਰਦੀਪ ਸਿੰਘ ਸਮਾਜ ਸੇਵੀ, ਪ੍ਰਦੀਪ ਸਿੰਘ ਵਾਲੀਆ ਨੇ ਵੀ ਖੂਨੀ ਡੋਰ ਖ਼ਿਲਾਫ਼ ਆਵਾਜ ਬੁਲੰਦ ਕੀਤੀ ਹੈ |
ਪਿਛਲੀ ਖ਼ਬਰ ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਮਾ. ਮਨਜੀਤ ਸਿੰਘ ਦਿਓਲ ਕੈਨੇਡਾ ਅਗਲੀ ਖ਼ਬਰ ਸਾਬਕਾ ਕੌਂਸਲਰ ਨਿੰਮ੍ਹਾ ਸੋਮਲ ਖੇੜੀ ਨੂੰ ਸਦਮਾ, ਭਤੀਜੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।