ਮਲੌਦ, 13 ਫਰਵਰੀ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਦੀ ਬੀਮਾ ਸਕੀਮ ਨੂੰ ਘਰ ਘਰ ਤੱਕ ਪਹੁੰਚਾਉਂਣ ਲਈ ਖ਼ੁਦ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਪਾਉਂਇਟਮੈਂਟ ਪਰਚੀ ਦੇ ਕੇ ਨੇੜੇ ਦੇ ਸੀ. ਐਸ. ਸੀ. ਸੈਂਟਰਾਂ ਤੇ ਜਾ ਕੇ ਕਾਰਡ ਬਣਾਉਣ ਲਈ ਪ੍ਰੇਰਿਆ ਜਾ ਰਿਹਾ ਹੈ | ਪ੍ਰਧਾਨ ਸੋਨੀਆ ਗੋਇਲ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਉਨ੍ਹਾਂ ਦਾ ਮੁੱਢਲਾ ਉਦੇਸ਼ ਸ਼ਹਿਰਵਾਸੀਆਂ ਦੀ ਭਲਾਈ ਅਤੇ ਸ਼ਹਿਰ ਦਾ ਵਿਕਾਸ ਹੈ | ਇਸ ਮੌਕੇ ਉਨ੍ਹਾਂ ਬੜੈਚ ਇੰਟਰਨੈੱਟ ਕੈਫੇ ਬੱਸ ਸਟੈਂਡ ਮਲੌਦ ਵਿਖੇ ਖ਼ੁਦ 2 ਘੰਟੇ ਬੈਠ ਕੇ ਸ਼ਹਿਰਵਾਸੀਆਂ ਦੇ ਫਾਰਮ ਭਰਵਾਏ ਅਤੇ ਨਾਲ ਹੀ ਲਾਭਪਾਤਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜਲਦ ਆਪਣਾ ਬੀਮਾ ਕਾਰਡ ਬਣਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਮੈਡੀਕਲ ਐਮਰਜੈਂਸੀ ਵਿੱਚ ਲੋਕਾਂ ਨੂੰ ਇਸ ਸਕੀਮਾਂ ਦਾ ਲਾਹਾ ਮਿਲ ਸਕੇ | ਇਸ ਮੌਕੇ ਬੜੈਂਚ ਇੰਟਰਨੈੱਟ ਕੈਫੇ ਦੇ ਮਾਲਕ ਗੁਰਬਖ਼ਸ਼ੀਸ਼ ਸਿੰਘ ਰਾਮਗੜ੍ਹ ਸਰਦਾਰਾਂ ਨੇ ਦੱਸਿਆ ਕਿ ਪਰਚੀ ਦੇ ਨਾਲ ਨਾਲ ਬਾਲਗ ਵਿਅਕਤੀ ਆਪਣਾ ਆਧਾਰ ਕਾਰਡ, ਮੋਬਾਇਲ ਅਤੇ ਵੋਟਰ ਕਾਰਡ ਨਾਲ ਲਿਆ ਕੇ ਅਤੇ ਨਾਬਾਲਗ ਬੱਚੇ ਆਪਣੇ ਆਧਾਰ ਕਾਰਡ, ਮੋਬਾਈਲ ਅਤੇ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣ |