ਮਲੌਦ, 18 ਫਰਵਰੀ (ਨਿਜ਼ਾਮਪੁਰ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਹਲਕਾ ਪਾਇਲ ਦੇ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਮੁਲਾਕਾਤ ਕਰਕੇ ਪਾਰਟੀ ਦੀ ਚੜਦੀ ਕਲਾ ਲਈ ਅਤੇ ਹਲਕੇ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਵਿਧਾਇਕ ਗਿਆਸਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਗੇ ਮਾਹੌਲ ਵਿਚ ਹੋਈ ਮੁਲਾਕਾਤ ਦੌਰਾਨ ਹਲਕਾ ਪਾਇਲ ਦੇ ਵਿਕਾਸ-ਕਾਰਜਾਂ ਬਾਰੇ ਵਿਸਥਾਰ ਪੂਰਵਕ ਚਰਚਾ ਹੋਈ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ 'ਚ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਲੋਕ ਉਮੀਦਾਂ ਉੱਪਰ ਖਰੀਆਂ ਨਹੀਂ ਉਤਰ ਸਕੀਆਂ | ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਤਿਹਾਸਕ ਕੰਮਾਂ ਵਿਚ ਬਿਜਲੀ ਦੇ ਜ਼ੀਰੋ ਬਿੱਲ, ਕਿਸਾਨਾਂ ਨੂੰ ਖੇਤੀਬਾੜੀ ਲਈ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੇ ਨਾਲ-ਨਾਲ ਦਸ ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਸਮੇਤ ਨਸ਼ਿਆਂ ਵਿਰੁੱਧ ਛੇੜੇ ਗਏ ਯੁੱਧ ਵਰਗੀਆਂ ਉਪਲਬਧੀਆਂ ਤੋਂ ਪੰਜਾਬ ਵਾਸੀ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਹਲਕਾ ਪਾਇਲ ਦੇ ਸਰਵਪੱਖੀ ਵਿਕਾਸ ਲਈ ਅਰਵਿੰਦ ਕੇਜਰੀਵਾਲ ਨੇ ਹਲਾਸ਼ੇਰੀ ਦਿੰਦਿਆਂ ਕਿਹਾ ਕਿ ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣਕੇ ਕੰਮ-ਕਾਜ ਵਿਸ਼ੇਸ਼ ਰੁਚੀ ਨਾਲ ਕਰਵਾਏ ਜਾਣ | ਕਿਉਂਕਿ ਹਰ ਵਰਗ ਦੇ ਸਹਿਯੋਗ ਨਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਮੁੜ ਸਰਕਾਰ ਬਣਾਵੇਗੀ |