ਮਲੌਦ, 1 ਮਾਰਚ (ਦਿਲਬਾਗ ਸਿੰਘ ਚਾਪੜਾ)-ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਪੀ ਐਮ ਸ੍ਰੀ ਸਕੂਲ ਗ੍ਰਾਟ ਅਧੀਨ ਸਰਕਾਰ ਵੱਲੋਂ 50 ਮੈਰੀਟੋਰੀਅਸ ਵਿਦਿਆਰਥਣਾਂ ਅਤੇ 2 ਅਧਿਆਪਕਾਂ ਦਾ 6 ਦਿਨਾਂ ਦਾ ਮੁਫ਼ਤ ਵਿੱਚ ਵਿੱਦਿਅਕ ਟੂਰ ਲਗਵਾਇਆ ਗਿਆ | ਜਾਣਕਾਰੀ ਦਿੰਦਿਆਂ ਲੈਕਚਰਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜੈਪੁਰ ਅਤੇ ਦਿੱਲੀ ਦੇ ਇਸ 6 ਰੋਜਾ ਟੂਰ ਦੌਰਾਨ ਵਿਦਿਆਰਥਣਾਂ ਨੇ ਜੈਪੁਰ ਵਿਖੇ ਜੰਤਰ ਮੰਤਰ, ਹਵਾ ਮਹਿਲ, ਜਲ ਮਹਿਲ, ਚੌਖੀ ਢਾਣੀ, ਆਮੇਰ ਦਾ ਕਿਲ੍ਹਾ, ਬਿਰਲਾ ਮੰਦਰ, ਸਿਟੀ ਪੈਲੇਸ ਆਦਿ ਥਾਵਾਂ ਦੇਖ ਕੇ ਇਤਿਹਾਸਕ ਜਾਣਕਾਰੀ ਇਕੱਤਰ ਕੀਤੀ | ਟੂਰ ਦੇ ਆਖ਼ਰੀ ਪੜਾਅ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਵਿਦਿਆਰਥਣਾਂ ਨੇ ਖੂਬ ਆਨੰਦ ਮਾਣਿਆ | ਉਨ੍ਹਾਂ ਲੋਟਸ ਟੈਪਲ, ਇੰਡੀਆ ਗੇਟ, ਅਕਸ਼ਰਧਾਮ ਮੰਦਰ ਆਦਿ ਥਾਵਾਂ ਦੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ | ਅਕਸ਼ਰਧਾਮ ਮੰਦਰ ਵਿਖੇ ਫੁਹਾਰਾਂ ਸੋਅ ਨੂੰ ਵਿਦਿਆਰਥਣਾਂ ਨੇ ਸਭ ਤੋਂ ਜ਼ਿਆਦਾ ਪਸੰਦ ਕੀਤਾ | ਵਿਦਿਆਰਥਣਾਂ ਨੇ ਸਾਰਾ ਸਮਾਂ ਪੂਰੇ ਅਨੁਸ਼ਾਸਨ ਵਿੱਚ ਰਹਿ ਕੇ ਖ਼ੂਬ ਆਨੰਦ ਮਾਣਿਆ | ਇਸ ਮੌਕੇ ਟੂਰ ਇੰਚਾਰਜ ਲੈਕਚਰਾਰ ਹਰਦੀਪ ਸਿੰਘ ਸਮੇਤ ਸਟਾਫ਼ ਮੈਂਬਰ ਬੱਚਿਆਂ ਨਾਲ ਹਾਜ਼ਰ ਸਨ |