14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਖ਼ਾਲਸਾਈ ਰੰਗ 'ਚ ਰੰਗੀ

ਅਜੀਤ ਡੈਸਕ 03-03-2026
• ਹੋਲੇ-ਮਹੱਲੇ ਸੰਬੰਧੀ ਸੰਗਤ ਦੂਰ-ਦੁਰਾਡੇ ਤੋਂ ਪੁੱਜ ਰਹੀ ਨਤਮਸਤਕ ਹੋਣ
ਮਾਛੀਵਾੜਾ ਸਾਹਿਬ, 2 ਮਾਰਚ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਤੋਂ ਸੰਗਤ ਨਤਮਸਤਕ ਹੋਣ ਲਈ ਪੁੱਜ ਰਹੀ ਹੈ ਅਤੇ ਸ਼ਹਿਰ ਖ਼ਾਲਸਾਈ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ | ਜਾਣਕਾਰੀ ਅਨੁਸਾਰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਸਬੰਧ ਵਿਚ ਦਰਸ਼ਨਾਂ ਨੂੰ ਜਾ ਰਹੀਆਂ ਸੰਗਤਾਂ ਰਸਤੇ ਵਿਚ ਪੈਂਦੇ ਮਾਛੀਵਾੜਾ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਰੁਕ ਰਹੀਆਂ ਹਨ ਤੇ ਕੇਸਰੀ ਦਸਤਾਰਾਂ ਵਿਚ ਸਜੇ ਸ਼ਰਧਾਲੂਆਂ ਦੀ ਆਮਦ ਜ਼ੋਰਾਂ ਤੇ ਹੋਣ ਕਾਰਨ 'ਮਿੱਤਰ ਪਿਆਰੇ' ਦੀ ਇਹ ਧਰਤੀ ਖ਼ਾਲਸਾਈ ਰੰਗ ਵਿਚ ਰੰਗਦੀ ਹੋਈ ਦਿਖਾਈ ਦੇ ਰਹੀ ਹੈ | ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਆਸ ਪਾਸ ਦੇ ਪ੍ਰਦੇਸ਼ ਹਰਿਆਣਾ, ਰਾਜਸਥਾਨ ਤੋਂ ਆਉਂਦੇ ਸਿੱਖ ਸ਼ਰਧਾਲੂ ਜੋ ਕਿ ਹੋਲਾ-ਮਹੱਲਾ ਮਨਾਉਣ ਲਈ ਅਨੰਦਪੁਰ ਸਾਹਿਬ ਜਾ ਰਹੇ ਹਨ ਅਤੇ ਉਹ ਰਸਤੇ ਵਿਚ ਪੈਂਦੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਮਾਛੀਵਾੜਾ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ, ਗੁਰਦੁਆਰਾ ਗਨੀ ਖਾਂ ਨਬੀ ਖਾਂ ਸਾਹਿਬ, ਗੁਰਦੁਆਰਾ ਚੁਬਾਰਾ ਸਾਹਿਬ ਤੇ ਗੁਰਦੁਆਰਾ ਕਿ੍ਪਾਨ ਭੇਂਟ ਸਾਹਿਬ ਦੇ ਦਰਸ਼ਨ ਵੀ ਕਰਦੇ ਹਨ | ਸੰਗਤਾਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ, ਉੱਥੇ ਨਾਲ ਹੀ ਇਤਿਹਾਸਕ ਜੰਡ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਵਿਸ਼ਰਾਮ ਕੀਤਾ ਦੇ ਦਰਸ਼ਨ ਕਰ ਅਤੇ ਇਤਿਹਾਸਕ ਖੂਹ ਦਾ ਮਿੱਠਾ ਜਲ ਪੀ ਆਪਣੀ ਆਤਮਾ ਤਿ੍ਪਤ ਕਰਦੀਆਂ ਹਨ | ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਇਤਿਹਾਸਕ ਮੱਟ ਤੇ ਗੁਰੂ ਜੀ ਦੇ ਸੇਵਕ ਗਨੀ ਖਾਂ ਨਬੀ ਖਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰ ਆਪਣੇ ਆਪ ਨੂੰ ਵਡਭਾਗੀਆਂ ਸਮਝ ਰਹੀਆਂ ਹਨ | ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ ਅਤੇ ਸੰਗਤਾਂ ਦੇ ਆਰਾਮ ਲਈ ਕਲਗ਼ੀਧਰ ਨਿਵਾਸ ਅਤੇ ਦੀਵਾਨ ਹਾਲ ਵਿਖੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ |
ਪਿਛਲੀ ਖ਼ਬਰ ਸਤਲੁਜ-ਰਾਹੋਂ ਪੁਲ ਕੋਲ ਬਣੀ ਪੁਲਿਸ ਚੌਕੀ ਅਗਲੇ ਹੁਕਮਾਂ ਤੱਕ ਬੰਦ ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਮਹਾਂ ਸੰਗਰਾਮ ਰੈਲੀ ਇਤਿਹਾਸਿਕ ਹੋ ਨਿੱਬੜੀ-ਅਵਤਾਰ ਚਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।