01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

'ਵਿਜ਼ਨ ਆਫ਼ ਰਾਗ' ਵਿਸ਼ੇ 'ਤੇ ਲੈਕਚਰ ਕਰਵਾਇਆ

ਅਜੀਤ ਡੈਸਕ 19-04-2026
ਮਾਛੀਵਾੜਾ ਸਾਹਿਬ, 18 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਭਾਈ ਮਰਦਾਨਾ ਸੰਗੀਤ ਗਾਇਨ ਵਿਭਾਗ 'ਚ 'ਵਿਜ਼ਨ ਆਫ਼ ਰਾਗ' ਵਿਸ਼ੇ 'ਤੇ ਲੈਕਚਰ ਕਮ ਡੈਮੋਨਸਟਰੇਸ਼ਨ ਕਰਵਾਇਆ ਗਿਆ ਜਿਸ ਵਿਚ ਉੱਭਰਦੇ ਸ਼ਾਸਤਰੀ ਗਾਇਕ ਸਿਮਰਨਏਦਨ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸੰਗੀਤ 'ਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨਾਲ ਰਾਗ ਦੀ ਸਮਝ, ਰਾਗ ਦੇ ਭਾਵਾਤਮਿਕ ਪੱਖ, ਰਾਗ ਨੂੰ ਪੇਸ਼ ਕਰਨ ਦੀ ਸੁੰਦਰ ਤਕਨੀਕ, ਅਲਾਪ ਅਤੇ ਤਾਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਤੋਂ ਪ੍ਰਤੱਖ ਰੂਪ 'ਚ ਸੰਗੀਤ ਦੀ ਸਿੱਖਿਆ ਲੈਣ ਦੇ ਮਹੱਤਵ ਬਾਰੇ ਦੱਸਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਗ ਬਿਲਾਵਲ, ਰਾਗ ਸਾਰੰਗ, ਅਤੇ ਰਾਗ ਮਲਾਹਰ ਦੀਆਂ ਦਰੁੱਤ ਖਿਆਲ 'ਚ ਵੱਖ-ਵੱਖ ਬੰਦਿਸ਼ਾਂ ਦੀ ਬਹੁਤ ਖ਼ੂਬਸੂਰਤ ਅਤੇ ਰੋਚਕ ਰੂਪ ਵਿਚ ਪੇਸ਼ਕਾਰੀ ਕੀਤੀ | ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਇਨ੍ਹਾਂ ਬੰਦਿਸ਼ਾਂ ਦਾ ਅਨੰਦ ਮਾਣਿਆ, ਉੱਥੇ ਉਨ੍ਹਾਂ ਨੇ ਵਿਸ਼ਾ ਮਾਹਿਰ ਦੇ ਨਾਲ-ਨਾਲ ਇਨ੍ਹਾਂ ਬੰਦਿਸ਼ਾਂ ਨੂੰ ਗਾ ਕੇ ਕਿਰਿਆਤਮਿਕ ਰੂਪ 'ਚ ਰਾਗ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦਾ ਯਤਨ ਕੀਤਾ | ਸਿਮਰਨਏਦਨ ਨੇ ਕਿਹਾ ਕਿ ਇਸ ਧਰਤੀ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਸ ਪਵਿੱਤਰ ਸਥਾਨ 'ਤੇ ਪਹੁੰਚ ਕੇ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ | ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਇਸ ਵਿਸ਼ੇਸ਼ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਜਿੱਥੇ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ ਹੋ ਚੁੱਕੀ ਹੈ ਅਤੇ ਅਸੀਂ ਮਾਨਸਿਕ ਤੌਰ 'ਤੇ ਜ਼ਰੂਰਤ ਨਾਲੋਂ ਜ਼ਿਆਦਾ ਰੁੱਝ ਗਏ ਹਾਂ ਉੱਥੇ ਵਿਦਿਆਰਥੀਆਂ ਦੇ ਮਨਾਂ 'ਚ ਸਥਿਰਤਾ ਲਿਆਉਣ ਲਈ ਸੰਗੀਤ ਇੱਕ ਬਿਹਤਰੀਨ ਸਾਧਨ ਹੈ | ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸੁਨੀਤਾ ਕੌਸ਼ਲ ਨੇ ਸਿਮਰਨਏਦਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਿਭਾਗ ਦੇ ਮੁਖੀ ਡਾ. ਅਮਨਪ੍ਰੀਤ ਕੌਰ ਕੰਗ ਨੂੰ ਇਸ ਸੰਗੀਤਮਈ ਪ੍ਰੋਗਰਾਮ ਕਰਵਾਉਣ ਲਈ ਮੁਬਾਰਕਬਾਦ ਦਿੱਤੀ | ਉਨ੍ਹਾਂ ਨੇ ਸਵਰਕਿ੍ਤੀ ਸਕੂਲ ਆਫ਼ ਮਿਊਜ਼ਿਕ ਸਮਰਾਲਾ ਦੇ ਡਾਇਰੈਕਟਰ ਡਾ. ਗਵੀਸ਼ ਦਾ ਇਸ ਮੌਕੇ ਪਹੁੰਚਣ 'ਤੇ ਵਿਸ਼ੇਸ਼ ਰੂਪ 'ਚ ਧੰਨਵਾਦ ਕੀਤਾ |
ਪਿਛਲੀ ਖ਼ਬਰ ਸਿੱਧਸਰ ਸਾਹਿਬ ਦੇ ਜੋੜ-ਮੇਲੇ 'ਤੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ <br/> ਅਗਲੀ ਖ਼ਬਰ ਰਵਿਦਾਸ ਨੌਜਵਾਨ ਸਭਾ ਬਾਬਰਪੁਰ ਵਲੋਂ ਰਾਗੀ ਭਾਈ ਬਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।