ਮਲੌਦ, 29 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਗੋਸਲ ਵਿਖੇ ਸਕੂਲ ਮੁਖੀ ਸਟੇਟ ਅਵਾਰਡੀ ਨਵਜੋਤ ਸ਼ਰਮਾ ਦੀ ਅਗਵਾਈ ਹੇਠ ਜਲ ਪਖਵਾੜੇ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਹਨਾਂ ਗਤੀਵਿਧੀਆਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਅਤੇ ਇਸ ਦੇ ਦੁਰਉਪਯੋਗ ਨੂੰ ਰੋਕਣ ਲਈ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰਾਂ ਦੇ ਸਲੋਗਨ ਅਤੇ ਪੇਂਟਿੰਗਾਂ ਤਿਆਰ ਕੀਤੀਆਂ ਗਈਆਂ | ਸਕੂਲ ਮੁਖੀ ਦੀ ਅਗਵਾਈ ਦੁਆਰਾ ਪਿੰਡ ਦੇ ਪਤਵੰਤਿਆਂ ਅਤੇ ਕਮਿਊਨਿਟੀ ਦੇ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਬਾਰੇ ਸਕੂਲੀ ਬੱਚਿਆਂ ਦੁਆਰਾ ਚਾਰਟਾਂ ਅਤੇ ਪੈਫਲਟਾਂ ਦੀ ਮਦਦ ਨਾਲ ਜਾਗਰੂਕ ਕੀਤਾ ਗਿਆ | ਪਾਣੀ ਦੀ ਸਾਂਭ ਸੰਭਾਲ ਸਬੰਧੀ ਪਿੰਡ ਵਾਸੀਆਂ ਨੂੰ ਪ੍ਰਣ ਵੀ ਕਰਵਾਇਆ ਗਿਆ ਅਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਆਸ਼ਮਾ, ਗੁਰਮਿੰਦਰਜੀਤ ਸਿੰਘ ਅਤੇ ਗੁਰਜੀਤ ਕੌਰ ਆਦਿ ਹਾਜ਼ਰ ਸਨ |