ਸਮਰਾਲਾ, 30 ਅਪ੍ਰੈਲ (ਗੋਪਾਲ ਸੋਫਤ)-ਸਥਾਨਕ ਅਨਾਜ ਮੰਡੀ ਵਿਚੋਂ ਆੜਤੀਆਂ ਦੀ ਕਣਕ ਚੋਰੀ ਕਰ ਰਹੇ ਵਿਅਕਤੀ ਅੱਜ ਆੜਤੀਆਂ ਦੇ ਪੱਲੇਦਾਰਾਂ ਨੇ ਕਾਬੂ ਕਰ ਹੀ ਲਏ ਹਨ | ਇਸ ਸਬੰਧੀ ਸਥਾਨਕ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆੜਤੀਏ ਤੇਜਿੰਦਰ ਸਿੰਘ ਤੇਜੀ ਰਾਜੇਵਾਲ ਨੇ ਦੱਸਿਆ ਕਿ ਮੰਡੀ ਵਿਚੋਂ ਅਕਸਰ ਕਣਕ ਦੀ ਚੋਰੀ ਲਗਾਤਾਰ ਹੋ ਰਹੀ ਹੈ | ਜਿਸ ਸਬੰਧੀ ਉਨਾਂ ਨੇ ਕੱਲ ਡਿਪਟੀ ਕਮਿਸ਼ਨਰ ਦੀ ਮੀਟਿੰਗ ਵਿਚ ਵੀ ਇਹ ਮਸਲਾ ਉਠਾਇਆ ਸੀ | ਉਨਾਂ ਕਿਹਾ ਕਿ ਅੱਜ ਉਨਾਂ ਦੇ ਪੱਲੇਦਾਰਾਂ ਨੇ ਮੰਡੀ ਵਿਚੋਂ ਮੋਟਰਸਾਈਕਲ 'ਤੇ ਕਣਕ ਦਾ ਥੈਲਾ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਵਿਚੋਂ ਇੱਕ ਨੂੰ ਕਾਬੂ ਕਰ ਲਿਆ, ਜਦਕਿ ਦੂਸਰਾ ਫ਼ਰਾਰ ਹੋਣ ਵਿਚ ਸਫਲ ਰਿਹਾ | ਰਾਜੇਵਾਲ ਨੇ ਦੱਸਿਆ ਕਿ ਉਨਾਂ ਨੇ ਇਹ ਘਟਨਾ ਐਸੋਸੀਏਸ਼ਨ ਦੇ ਪ੍ਰਧਾਨ ਦੇ ਧਿਆਨ ਵਿਚ ਲਿਆਂਦੀ ਅਤੇ ਆੜਤੀਆਂ ਨੇ ਕਾਬੂ ਕੀਤੇ ਕਥਿਤ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ | ਇਸ ਮੌਕੇ 'ਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮਲ ਮਾਜਰਾ ਨੇ ਦੱਸਿਆ ਕਿ ਕਣਕ ਚੋਰਾਂ ਨੇ ਆੜਤੀਆਂ ਵਲੋਂ ਖ਼ਰੀਦ ਕੀਤੀ ਹੋਈ ਕਣਕ ਨੂੰ ਕਾਫੀ ਸਮੇਂ ਤੋਂ ਚੋਰੀ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ਵਿਚ ਇਕ ਵਿਸ਼ੇਸ਼ ਇਲਾਕੇ ਦੀਆਂ ਅÏਰਤਾਂ ਦੇ ਕਈ ਗਰੁੱਪ ਵੀ ਕਣਕ ਦੀਆਂ ਬੋਰੀਆਂ ਨੂੰ ਚੀਰ ਕੇ ਕਣਕ ਚੋਰੀ ਕਰ ਰਹੀਆਂ ਹਨ | ਜਿਸ ਨਾਲ ਆੜਤੀਆਂ ਨੂੰ ਨਾ ਸਿਰਫ਼ ਚੋਰੀ ਹੋਈ ਕਣਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ | ਬਲਕਿ 75 ਰੁਪਏ ਪ੍ਰਤੀ ਖਾਲੀ ਬੋਰੀ ਦੀ ਕੀਮਤ ਵੀ ਪੱਲਿਓਾ ਭਰਨੀ ਪੈ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਇਨਾਂ ਫੜੇ ਗਏ ਚੋਰਾਂ ਵਿਚ ਇੱਕ ਵਿਅਕਤੀ ਪਿੰਡ ਮਾਦਪੁਰ ਅਤੇ ਦੂਸਰਾ ਦੋਸ਼ੀ ਪਿੰਡ ਢੀਂਡਸੇ ਦਾ ਦੱਸਿਆ ਜਾ ਰਿਹਾ ਹੈ | ਪ੍ਰਧਾਨ ਨੇ ਇਹ ਵੀ ਮੰਗ ਕੀਤੀ ਹੈ ਕਿ ਕਾਬੂ ਕੀਤੇ ਵਿਅਕਤੀਆਂ ਨੇ ਦੱਸਿਆ ਹੈ ਕਿ ਉਹ ਇਹ ਕਣਕ ਪਿੰਡ 'ਚ ਇਕ ਚੱਕੀ ਵਾਲੇ ਨੂੰ ਵੇਚਦੇ ਹਨ | ਇਸ ਲਈ ਪੁਲਿਸ ਚੋਰੀ ਦੀ ਕਣਕ ਖ਼ਰੀਦਣ ਵਾਲੇ ਵਿਅਕਤੀ ਵਿਰੁੱਧ ਵੀ ਸਖ਼ਤ ਕਾਰਵਾਈ ਕਰੇ |