ਖੰਨਾ, 30 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਕਿਹਾ ਹੈ ਕਿ ਹੁਣ ਕਣਕ ਦੀ ਫ਼ਸਲ ਦੀ ਵਾਢੀ ਤਕਰੀਬਨ ਤਕਰੀਬਨ ਖ਼ਤਮ ਹੋ ਗਈ ਹੈ | ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੰਗ ਕਰਦੇ ਹਾਂ ਕਿ ਪੰਜਾਬ ਬਿਜਲੀ ਬੋਰਡ ਪ੍ਰਸ਼ਾਸਨ ਖੇਤਾਂ ਵਾਲੀ ਬਿਜਲੀ ਸਪਲਾਈ ਵਾਲੀਆਂ ਢਿੱਲੀਆਂ ਤਾਰਾਂ, ਢਿੱਲੇ ਜੈਂਪਰਾਂ ਨੂੰ ਸਮਾਂ ਰਹਿੰਦੇ ਰਿਪੇਅਰ ਕਰੇ ਅਤੇ ਜੋ ਵੀ ਖੇਤਾਂ ਵਾਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ | ਉਸ ਸਪਲਾਈ 8 ਘੰਟੇ ਨਿਰਵਿਗਨ ਯਕੀਨੀ ਬਣਾਈ ਜਾਵੇ | ਪ੍ਰਧਾਨ ਨੇ ਕਿਹਾ ਹੈ ਕਿ ਜਿਹੜੇ ਵੀ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫ਼ਾਰਮਰ ਓਵਰਲੋਡ ਹਨ, ਉਨ੍ਹਾਂ ਨੂੰ ਅੰਡਰਲੋਡ ਕੀਤਾ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਬਿਜਲੀ ਸਪਲਾਈ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਕਿਉਂਕਿ ਇਸ ਸਮੇਂ ਝੋਨੇ ਦੀ ਪਨੀਰੀ, ਮੱਕੀ,ਤੇ ਮੂੰਗੀ ਦੀ ਫ਼ਸਲ ਦੀ ਕਿਸਾਨਾਂ ਨੇ ਬਿਜਾਈ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਬਿਜਲੀ ਸਪਲਾਈ ਤੇ ਢੁਕਵੇਂ ਕਦਮ ਚੁੱਕੇ | ਨਾਲ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਕਿਸਾਨਾਂ ਨੇ ਆਪਣੇ ਝੋਨੇ ਫ਼ਸਲ ਦੀ ਲਈ ਪਨੀਰੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਤੱਕ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਤਾਂ ਸਰਕਾਰ ਉਸ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਵੱਡੀਆਂ, ਛੋਟੀਆਂ ਨਹਿਰਾਂ, ਸੂਇਆਂ, ਕੱਸੀਆਂ ਦੀ ਸਫ਼ਾਈ ਕਰਾ ਕੇ ਨਹਿਰਾਂ ਵਿੱਚ ਸਮਾਂ ਰਹਿੰਦੇ ਪੂਰੇ ਪਾਣੀ ਦੀ ਸਪਲਾਈ ਛੱਡੇ ਤਾਂ ਜੋ ਕਿਸਾਨ ਨੂੰ ਧਰਤੀ ਹੇਠਲਾ ਪਾਣੀ ਘੱਟ ਵਰਤਣਾ ਪਵੇ ਇਸ ਦੇ ਨਾਲ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ | ਸਰਕਾਰ ਪਿਛਲੇ ਸਾਲਾਂ ਤੋਂ ਕਹਿੰਦੀ ਵੀ ਆ ਰਹੀ ਹੈ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਦਾ ਕਰ ਦਿੱਤਾ ਹੈ, ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਜਿੱਥੇ ਪਾਣੀ ਪਹੁੰਚਿਆ ਹੈ, ਉੱਥੇ ਸੁਚੱਜੇ ਢੰਗ ਨਾਲ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਅਤੇ ਰਹਿੰਦੇ ਇਲਾਕਿਆਂ ਵਿੱਚ ਵੀ ਜਲਦ ਤੋਂ ਜਲਦ ਪੱਕੇ ਖਾਲ਼ੇ ਬਣਾ ਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ | ਇਸ ਨਾਲ ਕਿਸਾਨ ਨੂੰ ਵੀ ਸੌਖਾ ਹੋਵੇਗਾ ਤੇ ਪੰਜਾਬ ਸਰਕਾਰ ਨੂੰ ਵੀ ਬਿਜਲੀ ਸਪਲਾਈ ਦੇਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ |